
ਫਰੀਦਕੋਟ, 02 ਸਤੰਬਰ (ਹਿੰ.ਸ.)| ਜੂਨ 2024 ਵਿੱਚ ਬਿਨਾਂ ਵੈਧ ਪਾਸਪੋਰਟ ਦੇ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਇੱਕ ਪਾਕਿਸਤਾਨੀ ਨਾਗਰਿਕ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਬੁੱਧਵਾਰ ਨੂੰ ਪਾਕਿਸਤਾਨ ਵਾਪਸ ਭੇਜ ਦਿੱਤਾ ਗਿਆ। ਭਾਰਤ ਵਿੱਚ ਦਾਖਲ ਹੋਣ ਸਮੇਂ ਉਹ ਨਾਬਾਲਗ ਸੀ। ਉਸ ਦੀ ਵਤਨ ਵਾਪਸੀ ਦੀ ਪ੍ਰਕਿਰਿਆ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀਐੱਲਐੱਸਏ), ਫਰੀਦਕੋਟ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਤਹਿਤ ਭੂਮਿਕਾ ਨਿਭਾਈ।
ਜਾਣਕਾਰੀ ਮੁਤਾਬਕ ਨੌਜਵਾਨ ਫਿਰੋਜ਼ਪੁਰ ਸਰਹੱਦ ਰਾਹੀਂ ਭਾਰਤੀ ਖੇਤਰ ਵਿੱਚ ਦਾਖਲ ਹੋਇਆ ਸੀ। ਇਸ ਤੋਂ ਬਾਅਦ ਉਸ ਨੂੰ ਜੁਵੇਨਾਈਲ ਜਸਟਿਸ ਬੋਰਡ, ਫਿਰੋਜ਼ਪੁਰ ਦੇ ਸਾਹਮਣੇ ਪੇਸ਼ ਕੀਤਾ ਗਿਆ। ਕਰੀਬ ਇੱਕ ਸਾਲ ਬਾਅਦ 2025 ਵਿੱਚ ਉਸ ਦੇ ਮਾਮਲੇ ਦਾ ਫੈਸਲਾ ਹੋਇਆ। ਹਿਰਾਸਤ ਦੌਰਾਨ ਉਸ ਦੀ ਉਮਰ 18 ਸਾਲ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਫਰੀਦਕੋਟ ਦੇ ਆਬਜ਼ਰਵੇਸ਼ਨ ਹੋਮ ਵਿੱਚ ਵੱਖਰੇ ਸੁਰੱਖਿਅਤ ਸਥਾਨ ’ਤੇ ਰੱਖਿਆ ਗਿਆ।
ਸਜ਼ਾ ਅਤੇ ਹੋਰ ਕਾਨੂੰਨੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਵਿਦੇਸ਼ ਮੰਤਰਾਲੇ ਤੋਂ ਮਨਜ਼ੂਰੀ ਮਿਲੀ। ਇਸ ਉਪਰੰਤ ਡੀਐੱਲਐੱਸਏ ਫਰੀਦਕੋਟ ਦੇ ਚੇਅਰਮੈਨ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਜੇ ਅਗਨਿਹੋਤਰੀ ਨੇ ਨੌਜਵਾਨ ਦੀ ਵਤਨ ਵਾਪਸੀ ਦੀ ਪ੍ਰਕਿਰਿਆ ਪੂਰੀ ਕਰਨ ਦੇ ਨਿਰਦੇਸ਼ ਦਿੱਤੇ।
ਡੀਐੱਲਐੱਸਏ ਦੀ ਸਕੱਤਰ ਅਤੇ ਮੁੱਖ ਨਿਆਂਇਕ ਮੈਜਿਸਟ੍ਰੇਟ ਗੁਰਪ੍ਰੀਤ ਕੌਰ ਦੀ ਨਿਗਰਾਨੀ ਹੇਠ ਕਾਰਵਾਈ ਕੀਤੀ ਗਈ। ਫਰੀਦਕੋਟ ਆਬਜ਼ਰਵੇਸ਼ਨ ਹੋਮ ਦੇ ਸੁਪਰਡੈਂਟ ਅਤੇ ਸਟਾਫ ਵੱਲੋਂ ਨੌਜਵਾਨ ਨੂੰ ਅਟਾਰੀ ਸਰਹੱਦ ਤੱਕ ਲਿਜਾਇਆ ਗਿਆ, ਜਿੱਥੇ ਉਸ ਨੂੰ ਪਾਕਿਸਤਾਨੀ ਰੇਂਜਰਜ਼ ਦੇ ਹਵਾਲੇ ਕਰ ਦਿੱਤਾ ਗਿਆ। ਵਤਨ ਰਵਾਨਾ ਹੋਣ ਤੋਂ ਪਹਿਲਾਂ ਸੀਜੇਐੱਮ ਗੁਰਪ੍ਰੀਤ ਕੌਰ ਨੇ ਨੌਜਵਾਨ ਨੂੰ ਮਠਿਆਈ, ਫਲ ਅਤੇ ਕੱਪੜੇ ਦਿੱਤੇ ਅਤੇ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਉਸ ਨੂੰ ਭਵਿੱਖ ਵਿੱਚ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਤੋਂ ਦੂਰ ਰਹਿਣ ਅਤੇ ਵੈਧ ਯਾਤਰਾ ਦਸਤਾਵੇਜ਼ਾਂ ਤੋਂ ਬਿਨਾਂ ਕਿਸੇ ਵੀ ਅੰਤਰਰਾਸ਼ਟਰੀ ਸਰਹੱਦ ਨੂੰ ਪਾਰ ਨਾ ਕਰਨ ਦੀ ਹਦਾਇਤ ਦਿੱਤੀ।
ਅਧਿਕਾਰੀਆਂ ਮੁਤਾਬਕ ਇਲਾਕੇ ਵਿੱਚ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਅਪ੍ਰੈਲ 2024 ਵਿੱਚ ਵੀ ਇਸੇ ਤਰ੍ਹਾਂ ਦੀ ਉਮਰ ਦੇ ਦੋ ਪਾਕਿਸਤਾਨੀ ਲੜਕਿਆਂ ਨੂੰ ਕਾਨੂੰਨੀ ਪ੍ਰਕਿਰਿਆ ਅਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਪਾਕਿਸਤਾਨ ਵਾਪਸ ਭੇਜਿਆ ਗਿਆ ਸੀ।
ਹਿੰਦੂਸਥਾਨ ਸਮਾਚਾਰ / GURSHARAN SINGH