
ਚੰਡੀਗੜ੍ਹ, 02 ਸਤੰਬਰ (ਹਿੰ.ਸ.)| ਪੰਜਾਬ ਨੇ ਅਣਪਛਾਤੀਆਂ ਅਤੇ ਲਾਵਾਰਿਸ ਲਾਸ਼ਾਂ ਦੀ ਡਿਜੀਟਲ ਸ਼ਨਾਖ਼ਤ ਲਈ ਸੂਬਾ ਪੱਧਰੀ ਜਨਤਕ ਪੋਰਟਲ ‘ਪਹਿਚਾਣ’ ਸ਼ੁਰੂ ਕਰਕੇ ਦੇਸ਼ ਵਿੱਚ ਪਹਿਲ ਕਰਨ ਦਾ ਦਾਅਵਾ ਕੀਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇਸ ਪੋਰਟਲ ਦੀ ਰਸਮੀ ਸ਼ੁਰੂਆਤ ਕੀਤੀ। ਇਸ ਪਹਿਲ ਦਾ ਮਕਸਦ ਅਣਪਛਾਤੇ ਮ੍ਰਿਤਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ ਦੇ ਕਿਸੇ ਵੀ ਸਰਕਾਰੀ ਮੁਰਦਾਘਰ ਵਿੱਚ ਲਿਆਂਦੀ ਗਈ ਅਣਪਛਾਤੀ ਜਾਂ ਲਾਵਾਰਿਸ ਲਾਸ਼ ਸਬੰਧੀ ਪੋਸਟਮਾਰਟਮ ਤੋਂ 48 ਘੰਟਿਆਂ ਦੇ ਅੰਦਰ ਜਾਣਕਾਰੀ ਪੋਰਟਲ ’ਤੇ ਅਪਲੋਡ ਕੀਤੀ ਜਾਵੇਗੀ। ਇਸ ਵਿੱਚ ਮ੍ਰਿਤਕ ਦੇ ਚਿਹਰੇ ਦੀਆਂ ਤਸਵੀਰਾਂ, ਟੈਟੂ, ਜਨਮ ਤੋਂ ਮੌਜੂਦ ਨਿਸ਼ਾਨ, ਸਰੀਰਕ ਨੁਕਸ ਜਾਂ ਹੋਰ ਵਿਸ਼ੇਸ਼ ਪਛਾਣ ਚਿੰਨ੍ਹਾਂ ਦੀਆਂ ਤਸਵੀਰਾਂ ਅਤੇ ਸਰੀਰਕ ਹੁਲੀਆ ਸ਼ਾਮਲ ਹੋਵੇਗਾ।ਪੋਰਟਲ ਸਿਹਤ ਵਿਭਾਗ ਦੀਆਂ ਅਧਿਕਾਰਤ ਵੈੱਬਸਾਈਟਾਂ ਰਾਹੀਂ ਮੁਫ਼ਤ ਉਪਲਬਧ ਹੋਵੇਗਾ। ਦੇਸ਼ ਜਾਂ ਵਿਦੇਸ਼ ਵਿੱਚ ਰਹਿੰਦੇ ਪਰਿਵਾਰ ਵੀ ਇਸ ਰਾਹੀਂ ਆਪਣੇ ਲਾਪਤਾ ਪਰਿਵਾਰਕ ਮੈਂਬਰ ਦੀ ਭਾਲ ਕਰ ਸਕਣਗੇ।ਪੋਰਟਲ ’ਤੇ ਜੇਕਰ ਕਿਸੇ ਵਿਅਕਤੀ ਨੂੰ ਲੱਗਦਾ ਹੈ ਕਿ ਕੋਈ ਅਣਪਛਾਤੀ ਲਾਸ਼ ਉਸਦੇ ਲਾਪਤਾ ਪਰਿਵਾਰਕ ਮੈਂਬਰ ਦੀ ਹੋ ਸਕਦੀ ਹੈ ਤਾਂ ਉਹ ਆਨਲਾਈਨ ਦਾਅਵਾ ਦਰਜ ਕਰ ਸਕੇਗਾ। ਦਾਅਵਾ ਦਰਜ ਹੁੰਦੇ ਹੀ ਸਬੰਧਤ ਜਾਂਚ ਅਧਿਕਾਰੀ ਨੂੰ ਸੂਚਨਾ ਮਿਲੇਗੀ। ਇਸ ਤੋਂ ਬਾਅਦ ਪਰਿਵਾਰ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਰਸਮੀ ਸ਼ਨਾਖ਼ਤ ਲਈ ਅੱਗੇ ਦੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਨਾਲ ਪਰਿਵਾਰਾਂ ਨੂੰ ਵਾਰ-ਵਾਰ ਥਾਣਿਆਂ ਜਾਂ ਮੁਰਦਾਘਰਾਂ ਦੇ ਚੱਕਰ ਲਗਾਉਣ ਦੀ ਲੋੜ ਘਟੇਗੀ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਹਰ ਸਾਲ ਲਗਭਗ 5,000 ਤੋਂ 6,000 ਲੋਕਾਂ ਦੀ ਮੌਤ ਅਣਪਛਾਤੇ ਜਾਂ ਲਾਵਾਰਿਸ ਹਾਲਾਤ ਵਿੱਚ ਹੋਣ ਦਾ ਅੰਦਾਜ਼ਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਕਈ ਲੋਕ ਕਿਸੇ ਪਰਿਵਾਰ ਦੇ ਮੈਂਬਰ ਹੋ ਸਕਦੇ ਹਨ ਅਤੇ ਉਨ੍ਹਾਂ ਦੇ ਆਪਣੇ ਲੋਕ ਉਨ੍ਹਾਂ ਦੀ ਉਡੀਕ ਕਰ ਰਹੇ ਹੁੰਦੇ ਹਨ।ਉਨ੍ਹਾਂ ਕਿਹਾ ਕਿ ਮ੍ਰਿਤਕ ਵਿਅਕਤੀ ਦੀ ਇੱਜ਼ਤ ਕਾਇਮ ਰੱਖਣਾ ਵੀ ਸਰਕਾਰ ਅਤੇ ਸਮਾਜ ਦੀ ਜ਼ਿੰਮੇਵਾਰੀ ਹੈ। ‘ਪਹਿਚਾਣ’ ਪੋਰਟਲ ਇਸੇ ਮਨੁੱਖਤਾਵਾਦੀ ਸੋਚ ਤਹਿਤ ਸ਼ੁਰੂ ਕੀਤਾ ਗਿਆ ਹੈ।
ਇਹ ਪ੍ਰਣਾਲੀ ਪੰਜਾਬ ਦੇ ਡਿਜੀਟਲ ਮੈਡੀਕੋ-ਲੀਗਲ ਸਾਫਟਵੇਅਰ ‘ਮੈਡਲੀਪਰ’ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਇਹ ਪ੍ਰਣਾਲੀ ਸੂਬੇ ਦੇ 23 ਜ਼ਿਲ੍ਹਿਆਂ ਅਤੇ 346 ਸਰਕਾਰੀ ਹਸਪਤਾਲਾਂ ਵਿੱਚ ਕਾਰਜਸ਼ੀਲ ਹੈ। ਇਸ ’ਤੇ 6,600 ਤੋਂ ਵੱਧ ਮੈਡੀਕਲ ਅਫ਼ਸਰ ਰਜਿਸਟਰਡ ਹਨ ਅਤੇ ਹੁਣ ਤੱਕ 12 ਲੱਖ ਤੋਂ ਵੱਧ ਮੈਡੀਕੋ-ਲੀਗਲ ਅਤੇ ਪੋਸਟਮਾਰਟਮ ਕੇਸ ਦਰਜ ਕੀਤੇ ਜਾ ਚੁੱਕੇ ਹਨ।ਡਾ. ਬਲਬੀਰ ਸਿੰਘ ਅਨੁਸਾਰ ‘ਮੈਡਲੀਪਰ’ ਪੁਲਿਸ, ਅਦਾਲਤਾਂ, ਸਿਹਤ ਸੰਸਥਾਵਾਂ ਅਤੇ ਨੌਂ ਫੋਰੈਂਸਿਕ ਸਾਇੰਸ ਲੈਬਾਰਟਰੀਆਂ ਨਾਲ ਤਾਲਮੇਲ ਕਰਦਾ ਹੈ। ਇਸ ਤੋਂ ਇਲਾਵਾ ਲਾਪਤਾ ਵਿਅਕਤੀਆਂ ਦੇ ਰਿਕਾਰਡ ਦੀ ਜਾਂਚ ਲਈ ਸੀਸੀਟੀਐਨਐਸ ਨਾਲ ਵੀ ਤਾਲਮੇਲ ਕੀਤਾ ਜਾਂਦਾ ਹੈ।
ਮੰਤਰੀ ਨੇ ਕਿਹਾ ਕਿ ‘ਪਹਿਚਾਣ’ ਪੋਰਟਲ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ, 2023 ਦੀਆਂ ਵਿਵਸਥਾਵਾਂ ਅਨੁਸਾਰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਸਿਵਲ ਸਰਜਨਾਂ, ਮੈਡੀਕਲ ਅਫ਼ਸਰਾਂ ਅਤੇ ਮੁਰਦਾਘਰਾਂ ਦੇ ਸਟਾਫ਼ ਨੂੰ ਅਪੀਲ ਕੀਤੀ ਕਿ ਅਣਪਛਾਤੀਆਂ ਲਾਸ਼ਾਂ ਸਬੰਧੀ ਜਾਣਕਾਰੀ ਸਮੇਂ ਸਿਰ ਅਪਲੋਡ ਕੀਤੀ ਜਾਵੇ, ਤਾਂ ਜੋ ਵਿਛੜੇ ਪਰਿਵਾਰਾਂ ਨੂੰ ਆਪਣੇ ਪਿਆਰਿਆਂ ਦੀ ਪਛਾਣ ਕਰਨ ਵਿੱਚ ਮਦਦ ਮਿਲ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH