
ਮੋਗਾ, 02 ਸਤੰਬਰ (ਹਿੰ.ਸ.)| ਮੋਗਾ ਦੇ ਪਿੰਡ ਸਾਫੂਵਾਲਾ ਵਾਸੀ ਬਜ਼ੁਰਗ ਜੰਗ ਸਿੰਘ ਦੇ ਰਸਤੇ ਵਿੱਚ ਡਿੱਗੇ 1 ਲੱਖ ਰੁਪਏ ਸਿਟੀ ਪੁਲਿਸ ਨੇ ਕਰੀਬ ਇੱਕ ਘੰਟੇ ਦੇ ਅੰਦਰ ਲੱਭ ਕੇ ਉਸ ਨੂੰ ਵਾਪਸ ਕਰ ਦਿੱਤੇ। ਜੰਗ ਸਿੰਘ ਇਹ ਰਕਮ ਆਪਣੇ ਪੁੱਤਰ ਨੂੰ ਭੇਜਣ ਲਈ ਸੁਨਿਆਰੇ ਕੋਲ ਸੋਨੇ ਦੇ ਗਹਿਣੇ ਗਿਰਵੀ ਰੱਖ ਕੇ ਲੈ ਕੇ ਆਏ ਸਨ। ਉਨ੍ਹਾਂ ਦਾ ਪੁੱਤਰ ਪੁਰਤਗਾਲ ਵਿੱਚ ਰਹਿੰਦਾ ਹੈ।ਡੀਐੱਸਪੀ ਸਿਟੀ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜੰਗ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਆਟੋ ਰਿਕਸ਼ਾ ਵਿੱਚ ਸਫ਼ਰ ਦੌਰਾਨ ਉਨ੍ਹਾਂ ਦੇ 1 ਲੱਖ ਰੁਪਏ ਕਿਤੇ ਡਿੱਗ ਗਏ ਹਨ। ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਮੁੱਖ ਮੁਨਸ਼ੀ ਦਿਲਰਾਜ ਸਿੰਘ ਅਤੇ ਪੁਲਿਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ।ਪੁਲਿਸ ਨੇ ਰਸਤੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਅਤੇ ਆਟੋ ਚਾਲਕ ਦੀ ਪਛਾਣ ਕਰਕੇ ਉਸ ਨਾਲ ਸੰਪਰਕ ਕੀਤਾ। ਆਟੋ ਚਾਲਕ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਜੰਗ ਸਿੰਘ ਨਾਲ ਸਫ਼ਰ ਕਰ ਰਹੀਆਂ ਦੋ ਔਰਤਾਂ ਨੂੰ ਪਿੰਡ ਚੁੱਪਕੀਤੀ ਵਿੱਚ ਉਤਾਰਿਆ ਸੀ।ਇਸ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਟੀਮ ਪਿੰਡ ਚੁੱਪਕੀਤੀ ਪਹੁੰਚੀ ਅਤੇ ਦੋਵੇਂ ਔਰਤਾਂ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਕੋਲੋਂ 1 ਲੱਖ ਰੁਪਏ ਬਰਾਮਦ ਹੋ ਗਏ।ਔਰਤਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਹ ਰਕਮ ਸੜਕ ’ਤੇ ਡਿੱਗੀ ਹੋਈ ਮਿਲੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਕੋਈ ਵਿਅਕਤੀ ਪੈਸਿਆਂ ਦੀ ਭਾਲ ਕਰਦਾ ਹੋਇਆ ਉਨ੍ਹਾਂ ਕੋਲ ਆਉਂਦਾ ਅਤੇ ਸਹੀ ਪਛਾਣ ਦੱਸਦਾ ਤਾਂ ਉਹ ਰਕਮ ਵਾਪਸ ਕਰ ਦਿੰਦੀਆਂ।ਪੁਲਿਸ ਨੇ ਬਰਾਮਦ ਕੀਤੀ ਰਕਮ ਜੰਗ ਸਿੰਘ ਨੂੰ ਵਾਪਸ ਸੌਂਪ ਦਿੱਤੀ। ਰਕਮ ਮਿਲਣ ਤੋਂ ਬਾਅਦ ਜੰਗ ਸਿੰਘ ਨੇ ਪੁਲਿਸ ਦਾ ਧੰਨਵਾਦ ਕੀਤਾ ਅਤੇ ਮਾਮਲੇ ਨੂੰ ਸੁਲਝਾਉਣ ਵਿੱਚ ਤੇਜ਼ੀ ਨਾਲ ਕਾਰਵਾਈ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕਰਨ ਦੀ ਮੰਗ ਕੀਤੀ।
ਹਿੰਦੂਸਥਾਨ ਸਮਾਚਾਰ / GURSHARAN SINGH