
ਚੰਡੀਗੜ੍ਹ, 02 ਸਤੰਬਰ (ਹਿੰ.ਸ.)| ਕੈਨੇਡਾ ਵਿੱਚ ਇੱਕ ਭਾਰਤੀ ਸੈਲੂਨ ਚੇਨ ਦੇ ਵਿਸਥਾਰ ਵਿੱਚ ਨਿਵੇਸ਼ ਕਰਵਾਉਣ ਦੇ ਨਾਂ ’ਤੇ 4 ਕਰੋੜ ਰੁਪਏ ਤੋਂ ਵੱਧ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਐੱਨਆਰਆਈ ਵਿੰਗ ਨੇ ਦੋ ਕੈਨੇਡੀਅਨ ਨਾਗਰਿਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਸੈਲੂਨ ਚੇਨ ਦੇ ਸੰਸਥਾਪਕ ਅਤੇ ਪ੍ਰਮੋਟਰ ਮੁਨੀਸ਼ ਬਜਾਜ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਕਮਲਪ੍ਰੀਤ ਸਿੰਘ ਖਹਿਰਾ ਅਤੇ ਕ੍ਰਿਸਪੀ ਖਹਿਰਾ ਉਰਫ਼ ਕ੍ਰਿਸ ਗਿੱਲ, ਦੋਵੇਂ ਕੈਨੇਡੀਅਨ ਨਾਗਰਿਕਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਤਹਿਤ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਐੱਨਆਰਆਈ ਵਿੰਗ ਕੋਲ ਮਿਲੀ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਕੀਤੀ ਗਈ। ਸ਼ਿਕਾਇਤਕਰਤਾ ਇੰਦਰਜੀਤ ਕੌਰ ਬੋਪਾਰਾਏ ਕੈਨੇਡਾ ਦੀ ਨਾਗਰਿਕ ਅਤੇ ਭਾਰਤੀ ਮੂਲ ਦੀ ਦੱਸੀ ਗਈ ਹੈ। ਉਹ ਓਸੀਆਈ ਕਾਰਡਧਾਰਕ ਵੀ ਹੈ। ਉਸ ਨੇ ਦੋਸ਼ ਲਗਾਇਆ ਕਿ ਉਸ ਨੂੰ ਸੈਲੂਨ ਚੇਨ ਦੇ ਕੈਨੇਡਾ ਵਿੱਚ ਵਿਸਥਾਰ ਨੂੰ ਫਰੈਂਚਾਈਜ਼ੀ ਕਾਰੋਬਾਰ ਵਜੋਂ ਪੇਸ਼ ਕਰਕੇ ਨਿਵੇਸ਼ ਲਈ ਪ੍ਰੇਰਿਤ ਕੀਤਾ ਗਿਆ। ਸ਼ਿਕਾਇਤ ਮੁਤਾਬਕ ਇਸ ਪ੍ਰਕਿਰਿਆ ਦੌਰਾਨ ਉਸ ਦਾ 4 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ।
ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮੁਨੀਸ਼ ਬਜਾਜ ਅਤੇ ਕਮਲਪ੍ਰੀਤ ਸਿੰਘ ਖਹਿਰਾ ਨੇ ਕੈਨੇਡਾ ਵਿੱਚ ਸੈਲੂਨ ਚੇਨ ਦੇ ਨਵੇਂ ਆਊਟਲੈਟ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਸੀ। ਨਿਵੇਸ਼ਕਾਂ ਤੋਂ ਆਊਟਲੈਟ ਬਣਾਉਣ, ਨਿਰਮਾਣ ਕੰਮ, ਸਟੋਰ ਤਿਆਰ ਕਰਨ ਅਤੇ ਸਾਮਾਨ ਖਰੀਦਣ ਸਮੇਤ ਵੱਖ-ਵੱਖ ਕੰਮਾਂ ਲਈ ਰਕਮ ਲਈ ਗਈ। ਹਾਲਾਂਕਿ, ਦੋਸ਼ ਹੈ ਕਿ ਪ੍ਰਸਤਾਵਿਤ ਆਊਟਲੈਟ ਸਥਾਪਤ ਨਹੀਂ ਕੀਤੇ ਗਏ ਅਤੇ ਨਿਵੇਸ਼ਕਾਂ ਨਾਲ ਕੀਤੇ ਵਾਅਦੇ ਵੀ ਪੂਰੇ ਨਹੀਂ ਹੋਏ।
ਬੋਪਾਰਾਏ ਨੇ ਦਾਅਵਾ ਕੀਤਾ ਕਿ ਉਹ ਇਸ ਕਾਰੋਬਾਰ ਵਿੱਚ ਨਿਵੇਸ਼ ਕਰਨ ਵਾਲੀ ਇਕੱਲੀ ਵਿਅਕਤੀ ਨਹੀਂ ਸੀ। ਉਸ ਮੁਤਾਬਕ ਲੰਡਨ, ਬ੍ਰੈਮਪਟਨ, ਐਟੋਬਿਕੋਕ, ਕੈਲਗਰੀ ਅਤੇ ਵੈਨਕੂਵਰ ਸਮੇਤ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਹਿਣ ਵਾਲੇ ਘੱਟੋ-ਘੱਟ ਛੇ ਹੋਰ ਨਿਵੇਸ਼ਕਾਂ ਨੇ ਵੀ ਇਸ ਪ੍ਰਸਤਾਵਿਤ ਕਾਰੋਬਾਰ ਵਿੱਚ ਪੈਸਾ ਲਗਾਇਆ ਸੀ। ਐੱਨਆਰਆਈ ਵਿੰਗ ਦੇ ਏਆਈਜੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਵਿੱਚ ਨਾਮਜ਼ਦ ਸਾਰੇ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਨਤੀਜਿਆਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉੱਧਰ, ਮੁਨੀਸ਼ ਬਜਾਜ ਨੇ ਕਥਿਤ ਧੋਖਾਧੜੀ ਵਿੱਚ ਆਪਣੀ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਮਲਪ੍ਰੀਤ ਸਿੰਘ ਖਹਿਰਾ ਨੂੰ ਫਰੈਂਚਾਈਜ਼ੀ ਦਿੱਤੀ ਸੀ ਅਤੇ ਇਸ ਤੋਂ ਬਾਅਦ ਖਹਿਰਾ ਨੇ ਆਪਣੇ ਪੱਧਰ ’ਤੇ ਕਾਰੋਬਾਰ ਚਲਾਇਆ। ਬਜਾਜ ਮੁਤਾਬਕ ਨਿਵੇਸ਼ਕਾਂ ਤੋਂ ਪੈਸੇ ਲੈਣ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਸੀ ਅਤੇ ਸ਼ਿਕਾਇਤਕਰਤਾ ਵੱਲੋਂ ਦੱਸੇ ਗਏ ਸਮਝੌਤੇ ਦੀ ਕਾਪੀ ਵੀ ਉਨ੍ਹਾਂ ਕੋਲ ਨਹੀਂ ਹੈ। ਉਨ੍ਹਾਂ ਇਸ ਮਾਮਲੇ ਸਬੰਧੀ ਵੱਖਰੀ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਵੀ ਕਹੀ ਹੈ। ਪੁਲਿਸ ਵੱਲੋਂ ਇਸ ਸਮੇਂ ਨਿਵੇਸ਼ ਨਾਲ ਸਬੰਧਤ ਲੈਣ-ਦੇਣ, ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਅਤੇ ਮਾਮਲੇ ਨਾਲ ਜੁੜੇ ਸਾਰੇ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH