ਅੰਮ੍ਰਿਤਸਰ ਦਾ 450 ਸਾਲਾ ਸਥਾਪਨਾ ਦਿਵਸ ਵਿਸ਼ੇਸ਼ ਸਮਾਗਮਾਂ ਨਾਲ ਮਨਾਏਗੀ ਪੰਜਾਬੀ ਅਕਾਦਮੀ
ਅੰਮ੍ਰਿਤਸਰ, 02 ਸਤੰਬਰ (ਹਿੰ.ਸ.)| ਪੰਜਾਬੀ ਅਕਾਦਮੀ ਅੰਮ੍ਰਿਤਸਰ ਵੱਲੋਂ ਸ਼ਹਿਰ ਦੇ 450 ਸਾਲਾ ਸਥਾਪਨਾ ਦਿਵਸ ਨੂੰ ਵਿਸ਼ੇਸ਼ ਸਾਹਿਤਕ ਅਤੇ ਸੱਭਿਆਚਾਰਕ ਸਮਾਗਮਾਂ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਅਕਾਦਮੀ ਦੇ ਪ੍ਰਧਾਨ ਡਾ. ਗੁਰਬੀਰ ਸਿੰਘ ਅਤੇ ਸਕੱਤਰ ਡਾ. ਦਯਾ ਸਿੰਘ ਨੇ ਸਾਂਝੇ ਤੌਰ
ਅੰਮ੍ਰਿਤਸਰ ਦਾ 450 ਸਾਲਾ ਸਥਾਪਨਾ ਦਿਵਸ ਵਿਸ਼ੇਸ਼ ਸਮਾਗਮਾਂ ਨਾਲ ਮਨਾਏਗੀ ਪੰਜਾਬੀ ਅਕਾਦਮੀ


ਅੰਮ੍ਰਿਤਸਰ, 02 ਸਤੰਬਰ (ਹਿੰ.ਸ.)| ਪੰਜਾਬੀ ਅਕਾਦਮੀ ਅੰਮ੍ਰਿਤਸਰ ਵੱਲੋਂ ਸ਼ਹਿਰ ਦੇ 450 ਸਾਲਾ ਸਥਾਪਨਾ ਦਿਵਸ ਨੂੰ ਵਿਸ਼ੇਸ਼ ਸਾਹਿਤਕ ਅਤੇ ਸੱਭਿਆਚਾਰਕ ਸਮਾਗਮਾਂ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਅਕਾਦਮੀ ਦੇ ਪ੍ਰਧਾਨ ਡਾ. ਗੁਰਬੀਰ ਸਿੰਘ ਅਤੇ ਸਕੱਤਰ ਡਾ. ਦਯਾ ਸਿੰਘ ਨੇ ਸਾਂਝੇ ਤੌਰ ’ਤੇ ਦਿੱਤੀ।

ਅਹੁਦੇਦਾਰਾਂ ਨੇ ਕਿਹਾ ਕਿ ਅੰਮ੍ਰਿਤਸਰ ਮਹਿਜ਼ ਇੱਕ ਸ਼ਹਿਰ ਨਹੀਂ, ਸਗੋਂ ਪੰਜਾਬ ਦੀ ਇਤਿਹਾਸਕ ਯਾਦ, ਧਾਰਮਿਕ ਆਸਥਾ, ਸਾਹਿਤਕ ਚੇਤਨਾ ਅਤੇ ਸੱਭਿਆਚਾਰਕ ਪਛਾਣ ਦਾ ਮਹੱਤਵਪੂਰਨ ਕੇਂਦਰ ਹੈ। ਸ੍ਰੀ ਗੁਰੂ ਰਾਮਦਾਸ ਜੀ ਨਾਲ ਜੁੜੀ ਇਸ ਪਾਵਨ ਨਗਰੀ ਦੀ ਵਿਰਾਸਤ ਨੂੰ ਵਿਸ਼ਵ ਪੱਧਰ ’ਤੇ ਉਭਾਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ 450 ਸਾਲਾ ਸਥਾਪਨਾ ਦਿਵਸ ਮੌਕੇ ਸੈਮੀਨਾਰ, ਵਿਚਾਰ-ਚਰਚਾਵਾਂ, ਕਵੀ ਦਰਬਾਰ, ਸਾਹਿਤਕ ਗੋਸ਼ਟੀਆਂ, ਪੁਸਤਕ ਪ੍ਰਦਰਸ਼ਨੀਆਂ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਇਤਿਹਾਸ ਨਾਲ ਸਬੰਧਤ ਦੁਰਲੱਭ ਤਸਵੀਰਾਂ, ਪੁਰਾਣੇ ਦਸਤਾਵੇਜ਼ਾਂ, ਪੁਸਤਕਾਂ ਅਤੇ ਹੋਰ ਵਿਰਾਸਤੀ ਸਮੱਗਰੀ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।

ਡਾ. ਗੁਰਬੀਰ ਸਿੰਘ ਅਤੇ ਡਾ. ਦਯਾ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੀ 450 ਸਾਲਾ ਵਿਰਾਸਤੀ ਯਾਤਰਾ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪੇਸ਼ ਕਰਨ ਲਈ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਫਰਵਰੀ 2027 ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਕਰਵਾਈ ਜਾਵੇਗੀ। ਇਸ ਵਿੱਚ ਦੇਸ਼-ਵਿਦੇਸ਼ ਤੋਂ ਇਤਿਹਾਸਕਾਰਾਂ, ਸਾਹਿਤਕਾਰਾਂ, ਖੋਜਕਾਰਾਂ, ਕਲਾਕਾਰਾਂ ਅਤੇ ਵਿਦਵਾਨਾਂ ਨੂੰ ਸੱਦਾ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਤਿਹਾਸਕ ਇਮਾਰਤਾਂ, ਵਿਰਾਸਤੀ ਸਥਾਨਾਂ, ਪੁਰਾਣੇ ਬਾਜ਼ਾਰਾਂ, ਗਲੀਆਂ, ਧਾਰਮਿਕ ਅਸਥਾਨਾਂ ਅਤੇ ਸਾਹਿਤਕ ਯਾਦਾਂ ਨੂੰ ਇੱਕ ਸਾਂਝੇ ਸੱਭਿਆਚਾਰਕ ਨਕਸ਼ੇ ਨਾਲ ਜੋੜ ਕੇ ਨਵੀਂ ਪੀੜ੍ਹੀ ਸਾਹਮਣੇ ਲਿਆਂਦਾ ਜਾਵੇਗਾ। ਨੌਜਵਾਨਾਂ ਨੂੰ ਵਿਰਾਸਤ ਨਾਲ ਜੋੜਨ ਲਈ ਲੇਖ, ਕਵਿਤਾ ਅਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਜਾਣਗੇ।

ਅਕਾਦਮੀ ਵੱਲੋਂ ਅੰਮ੍ਰਿਤਸਰ ਦੀ ਵਿਰਾਸਤ ਨੂੰ ਦਸਤਾਵੇਜ਼ਬੱਧ ਕਰਨ ਲਈ ਵਿਸ਼ੇਸ਼ ਸਾਹਿਤਕ ਤੇ ਖੋਜਮਈ ਪ੍ਰਕਾਸ਼ਨ ਵੀ ਤਿਆਰ ਕੀਤੇ ਜਾਣਗੇ। ਅਹੁਦੇਦਾਰਾਂ ਨੇ ਕਿਹਾ ਕਿ ਇਹ ਸਾਲ ਭਰ ਚੱਲਣ ਵਾਲੀਆਂ ਸਰਗਰਮੀਆਂ ਰਾਹੀਂ ਅੰਮ੍ਰਿਤਸਰ ਦੀ ਸ਼ਾਨਾਮੱਤੀ ਵਿਰਾਸਤ ਨੂੰ ਲੋਕਾਂ ਅਤੇ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਦਾ ਯਤਨ ਹੋਵੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande