
ਪਟਿਆਲਾ, 02 ਸਤੰਬਰ (ਹਿੰ.ਸ.)| ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੁਣ ਲੋਕ ਲਹਿਰ ਬਣ ਚੁੱਕੀ ਹੈ। ਲੋਕ ਖੁਦ ਨਸ਼ਾ ਤਸਕਰੀ ਸਬੰਧੀ ਸੂਚਨਾ ਦੇ ਕੇ ਪੁਲਿਸ ਦਾ ਸਹਿਯੋਗ ਕਰ ਰਹੇ ਹਨ, ਜਦਕਿ ਨਸ਼ੇ ਦੀ ਲਤ ਤੋਂ ਪੀੜਤ ਲੋਕ ਵੀ ਇਲਾਜ ਲਈ ਖੁੱਲ੍ਹ ਕੇ ਅੱਗੇ ਆ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਨਸ਼ਾ ਮੁਕਤੀ ਕੇਂਦਰਾਂ, ਓਟ ਸੈਂਟਰਾਂ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਮਰੀਜ਼ਾਂ ਦੀ ਆਮਦ 250 ਗੁਣਾ ਵਧੀ ਹੈ।
ਸਿਹਤ ਮੰਤਰੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉੱਚ ਪੱਧਰੀ ਮੀਟਿੰਗ ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚ ਨਸ਼ਾ ਰੋਕੂ ਗਤੀਵਿਧੀਆਂ ਦਾ ਜਾਇਜ਼ਾ ਲੈ ਰਹੇ ਸਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਲਈ ਪੁਲਿਸ ਨੂੰ ਤਸਕਰਾਂ ਦੀ ਪੈੜ ਨੱਪ ਕੇ ਸਪਲਾਈ ਦੇ ਸਰੋਤਾਂ ਤੱਕ ਪਹੁੰਚਣ ਅਤੇ ਵੱਡੇ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ 1 ਮਾਰਚ 2025 ਤੋਂ 30 ਅਗਸਤ 2026 ਤੱਕ ਨਸ਼ਾ ਤਸਕਰੀ ਦੇ ਗੈਰ-ਵਪਾਰਕ ਮਾਮਲਿਆਂ ਵਿੱਚ 2254 ਮੁਕੱਦਮੇ ਦਰਜ ਕਰਕੇ 2701 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਪਾਰਕ ਤਸਕਰੀ ਦੇ 88 ਮਾਮਲਿਆਂ ਵਿੱਚ 148 ਤਸਕਰ ਕਾਬੂ ਕੀਤੇ ਗਏ ਹਨ। ਇਸ ਤੋਂ ਇਲਾਵਾ 1254 ਵਿਅਕਤੀਆਂ ਨੂੰ ਡੀ-ਅਡਿਕਸ਼ਨ ਸੈਂਟਰਾਂ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ 3065 ਵਿਅਕਤੀਆਂ ਦਾ ਓਟ ਸੈਂਟਰਾਂ ਵਿੱਚ ਇਲਾਜ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਮਾਜਿਕ ਜ਼ਿੰਮੇਵਾਰੀ ਹੈ। ਵਾਰਡ ਅਤੇ ਪਿੰਡ ਡਿਫੈਂਸ ਕਮੇਟੀਆਂ ਰਾਹੀਂ ਲੋਕਾਂ ਨੂੰ ਨਸ਼ਾ ਤਸਕਰੀ ਦੀ ਸੂਚਨਾ ਪੁਲਿਸ ਤੱਕ ਪਹੁੰਚਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਨਸ਼ਾ ਛੱਡਣ ਦੇ ਚਾਹਵਾਨਾਂ ਲਈ ‘ਕਮਿਊਨਿਟੀ ਬ੍ਰਿਜ ਪ੍ਰੋਗਰਾਮ’ ਵੀ ਸ਼ੁਰੂ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH