
2 ਲੱਖ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਹਮਲਾ; ਪੇਟ ’ਚ ਲੱਗੀ ਗੋਲੀ, ਜਲੰਧਰ ਦੇ ਹਸਪਤਾਲ ’ਚ ਇਲਾਜ ਜਾਰੀਕਪੂਰਥਲਾ, 20 ਸਤੰਬਰ (ਹਿੰ.ਸ.)| ਥਾਣਾ ਸੁਭਾਨਪੁਰ ਅਧੀਨ ਆਉਂਦੇ ਪਿੰਡ ਹਮੀਰਾ ਵਿੱਚ ਲੈਣ-ਦੇਣ ਦੇ ਵਿਵਾਦ ਨੂੰ ਲੈ ਕੇ 22 ਸਾਲਾ ਨੌਜਵਾਨ ਨੂੰ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਨੌਜਵਾਨ ਦੀ ਪਛਾਣ ਬਿੱਕੀ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਹਮੀਰਾ ਵਜੋਂ ਹੋਈ ਹੈ। ਗੰਭੀਰ ਹਾਲਤ ਵਿੱਚ ਉਸ ਨੂੰ ਜਲੰਧਰ ਦੇ ਪਟੇਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਜ਼ਖ਼ਮੀ ਦੇ ਭਰਾ ਸਾਬ ਸਿੰਘ ਨੇ ਦੱਸਿਆ ਕਿ ਦੀ ਰਾਤ ਕਰੀਬ 10:30 ਵਜੇ ਉਹ ਅਤੇ ਬਿੱਕੀ ਆਪਣੇ ਘਰ ਦੇ ਬਾਹਰ ਖੜ੍ਹੇ ਸਨ। ਇਸ ਦੌਰਾਨ ਲਵਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਪਰਵਿੰਦਰ ਸਿੰਘ, ਸੁਰਜੀਤ ਸਿੰਘ ਉਰਫ਼ ਤੋਤਾ ਅਤੇ ਵਿੱਕੀ ਉੱਥੇ ਪਹੁੰਚ ਗਏ। ਉਨ੍ਹਾਂ ਨੇ ਕਰੀਬ ਚਾਰ ਮਹੀਨੇ ਪਹਿਲਾਂ ਗੁਰਵਿੰਦਰ ਸਿੰਘ ਤੋਂ ਲਏ ਗਏ 2 ਲੱਖ ਰੁਪਏ ਵਾਪਸ ਕਰਨ ਦੀ ਮੰਗ ਕੀਤੀ। ਉਸ ਸਮੇਂ ਪੈਸੇ ਨਾ ਹੋਣ ਦੀ ਗੱਲ ਕਹਿਣ ’ਤੇ ਬਹਿਸ ਸ਼ੁਰੂ ਹੋ ਗਈ, ਜੋ ਬਾਅਦ ਵਿੱਚ ਹੱਥੋਪਾਈ ਵਿੱਚ ਬਦਲ ਗਈ।ਸਾਬ ਸਿੰਘ ਮੁਤਾਬਕ ਬਹਿਸ ਦੌਰਾਨ ਲਵਪ੍ਰੀਤ ਸਿੰਘ ਅਤੇ ਸੁਰਜੀਤ ਸਿੰਘ ਨੇ ਪਿਸਤੌਲ ਕੱਢ ਲਈ, ਜਦਕਿ ਬਾਕੀ ਵਿਅਕਤੀਆਂ ਨੇ ਤੇਜ਼ਧਾਰ ਹਥਿਆਰ ਦਾਤਰ ਕੱਢ ਲਏ। ਇਸ ਦੌਰਾਨ ਲਵਪ੍ਰੀਤ ਸਿੰਘ ਨੇ ਬਿੱਕੀ ਸਿੰਘ ’ਤੇ ਗੋਲੀ ਚਲਾ ਦਿੱਤੀ, ਜੋ ਉਸ ਦੇ ਪੇਟ ਵਿੱਚ ਲੱਗੀ।ਇਸੇ ਦੌਰਾਨ ਸੁਰਜੀਤ ਸਿੰਘ ਵੱਲੋਂ ਕੀਤੀ ਗਈ ਫਾਇਰਿੰਗ ਕਾਰਨ ਘਰ ਦੀ ਖਿੜਕੀ ਦਾ ਸ਼ੀਸ਼ਾ ਵੀ ਟੁੱਟ ਗਿਆ। ਗੋਲੀ ਚੱਲਣ ਤੋਂ ਬਾਅਦ ਸਾਬ ਸਿੰਘ ਡਰ ਕੇ ਕਮਰੇ ਵਿੱਚ ਲੁਕ ਗਿਆ। ਇਸ ਤੋਂ ਬਾਅਦ ਮੁਲਜ਼ਮ ਘਰ ਵਿੱਚ ਦਾਖ਼ਲ ਹੋ ਗਏ ਅਤੇ ਦਾਤਰਾਂ ਨਾਲ ਤੋੜਫੋੜ ਕਰਨ ਦੇ ਨਾਲ-ਨਾਲ ਹਵਾਈ ਫਾਇਰ ਵੀ ਕੀਤੇ। ਪਿੰਡ ਵਾਸੀਆਂ ਦੇ ਰੌਲਾ ਪਾਉਣ ’ਤੇ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।ਗੋਲੀ ਲੱਗਣ ਕਾਰਨ ਖੂਨ ਨਾਲ ਲੱਥਪੱਥ ਬਿੱਕੀ ਸਿੰਘ ਨੂੰ ਤੁਰੰਤ ਇਲਾਜ ਲਈ ਦਿਆਲਪੁਰ ਹਸਪਤਾਲ ਲਿਜਾਇਆ ਗਿਆ। ਉੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ, ਜਿੱਥੇ ਪਟੇਲ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ।ਪੁਲਿਸ ਅਨੁਸਾਰ ਡਾਕਟਰਾਂ ਵੱਲੋਂ ਜ਼ਖ਼ਮੀ ਬਿੱਕੀ ਸਿੰਘ ਨੂੰ ਬਿਆਨ ਦੇਣ ਲਈ ‘ਅਨਫਿਟ’ ਕਰਾਰ ਦਿੱਤੇ ਜਾਣ ਤੋਂ ਬਾਅਦ ਉਸ ਦੇ ਭਰਾ ਸਾਬ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰਕੇ ਮੁਲਜ਼ਮਾਂ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH