
ਕਿਹਾ-ਕੜਾ ਸਿੱਖ ਧਾਰਮਿਕ ਪਛਾਣ ਦਾ ਅਹਿਮ ਹਿੱਸਾ, ਘਟਨਾ ਦੀ ਜਾਂਚ ਕਰਕੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ
ਅੰਮ੍ਰਿਤਸਰ, 20 ਸਤੰਬਰ (ਹਿੰ.ਸ.)| ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਕ੍ਰਿਕਟ ਮੈਚ ਦੇਖਣ ਗਏ ਸਿੱਖ ਬੱਚਿਆਂ ਨੂੰ ਕੜਾ ਪਹਿਨਿਆ ਹੋਣ ਕਾਰਨ ਅੰਦਰ ਜਾਣ ਤੋਂ ਰੋਕਣ ਦੇ ਮਾਮਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕੜਾ ਸਿੱਖ ਧਰਮ ਦੇ ਕਕਾਰਾਂ ਵਿੱਚੋਂ ਇੱਕ ਹੈ ਅਤੇ ਸਿੱਖ ਦੀ ਧਾਰਮਿਕ ਪਛਾਣ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਕਿਸੇ ਸਿੱਖ ਬੱਚੇ ਨੂੰ ਸਿਰਫ਼ ਕੜਾ ਪਹਿਨਣ ਕਾਰਨ ਜਨਤਕ ਸਥਾਨ ਜਾਂ ਖੇਡ ਮੈਦਾਨ ਵਿੱਚ ਦਾਖ਼ਲ ਹੋਣ ਤੋਂ ਰੋਕਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਦੇ ਨਾਂ ’ਤੇ ਕਿਸੇ ਵੀ ਵਿਅਕਤੀ ਨਾਲ ਅਜਿਹਾ ਵਿਹਾਰ ਨਹੀਂ ਹੋਣਾ ਚਾਹੀਦਾ, ਜਿਸ ਨਾਲ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ।
ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਨਾਗਰਿਕਾਂ ਨੂੰ ਆਪਣੇ ਧਰਮ ਦੀ ਪਾਲਣਾ ਕਰਨ ਅਤੇ ਆਪਣੀ ਧਾਰਮਿਕ ਪਛਾਣ ਕਾਇਮ ਰੱਖਣ ਦੀ ਆਜ਼ਾਦੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਜਧਾਨੀ ਵਿੱਚ ਅਜਿਹੀ ਘਟਨਾ ਸਾਹਮਣੇ ਆਉਣਾ ਚਿੰਤਾ ਦਾ ਵਿਸ਼ਾ ਹੈ।
ਐਡਵੋਕੇਟ ਧਾਮੀ ਨੇ ਸਬੰਧਤ ਅਧਿਕਾਰੀਆਂ ਨੂੰ ਮਾਮਲੇ ਦਾ ਤੁਰੰਤ ਨੋਟਿਸ ਲੈ ਕੇ ਘਟਨਾ ਦੀ ਜਾਂਚ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਭਵਿੱਖ ਵਿੱਚ ਸਿੱਖਾਂ ਨੂੰ ਕਕਾਰਾਂ ਸਮੇਤ ਜਨਤਕ ਸਥਾਨਾਂ ਜਾਂ ਖੇਡ ਮੈਦਾਨਾਂ ਵਿੱਚ ਜਾਣ ਸਮੇਂ ਕਿਸੇ ਤਰ੍ਹਾਂ ਦੇ ਵਿਤਕਰੇ ਜਾਂ ਰੋਕ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਸਿੱਖ ਬੱਚਿਆਂ ਨਾਲ ਹੋਏ ਇਸ ਵਤੀਰੇ ਲਈ ਜ਼ਿੰਮੇਵਾਰੀ ਤੈਅ ਕਰਨ ਅਤੇ ਜੇਕਰ ਜਾਂਚ ਦੌਰਾਨ ਕਿਸੇ ਮੁਲਾਜ਼ਮ ਦੀ ਲਾਪਰਵਾਹੀ ਜਾਂ ਗਲਤੀ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਵੀ ਮੰਗ ਕੀਤੀ।
ਹਿੰਦੂਸਥਾਨ ਸਮਾਚਾਰ / GURSHARAN SINGH