
ਚੰਡੀਗੜ੍ਹ, 20 ਸਤੰਬਰ (ਹਿੰ.ਸ.)| ਹਰਿਆਣਾ ਸਰਕਾਰ ਨੇ ਖਰੀਫ਼-2026 ਸੀਜ਼ਨ ਦੌਰਾਨ 'ਮੇਰੀ ਫ਼ਸਲ ਮੇਰਾ ਬਿਓਰਾ' ਪੋਰਟਲ 'ਤੇ ਆਪਣੀ ਫ਼ਸਲ ਦੀ ਰਜਿਸਟ੍ਰੇਸ਼ਨ ਕਰਵਾਉਣ ਤੋਂ ਵਾਂਝੇ ਰਹਿ ਗਏ ਕਿਸਾਨਾਂ ਨੂੰ ਰਾਹਤ ਦਿੰਦਿਆਂ ਇੱਕ ਹੋਰ ਮੌਕਾ ਦਿੱਤਾ ਹੈ।
ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਪੋਰਟਲ ਨੂੰ 21 ਸਤੰਬਰ ਤੋਂ 27 ਸਤੰਬਰ ਤੱਕ ਮੁੜ ਖੋਲ੍ਹਿਆ ਜਾਵੇਗਾ। ਇਸ ਮਿਆਦ ਦੌਰਾਨ ਸਾਰੇ ਯੋਗ ਕਿਸਾਨ ਆਪਣੀ ਖੇਤੀਯੋਗ ਜ਼ਮੀਨ ਅਤੇ ਫ਼ਸਲ ਦੇ ਵੇਰਵੇ ਨਾਲ ਸਬੰਧਤ ਜਾਣਕਾਰੀ ਪੋਰਟਲ 'ਤੇ ਦਰਜ ਕਰ ਸਕਦੇ ਹਨ ਜਾਂ ਆਪਣੇ ਸਬੰਧਤ ਉਪ-ਮੰਡਲ ਅਫ਼ਸਰ (ਨਾਗਰਿਕ) ਦੇ ਦਫ਼ਤਰ ਵਿਖੇ ਜਾ ਕੇ ਦਰਜ ਕਰਵਾ ਸਕਦੇ ਹਨ।
ਕਿਸਾਨਾਂ ਵੱਲੋਂ ਦਰਜ ਕੀਤੇ ਗਏ ਜ਼ਮੀਨ ਅਤੇ ਫ਼ਸਲ ਦੇ ਵੇਰਵਿਆਂ ਦੀ ਪੜਤਾਲ ਸੈਟੇਲਾਈਟ ਡੇਟਾ ਅਤੇ ਸਬੰਧਤ ਉਪ-ਮੰਡਲ ਅਫ਼ਸਰ (ਨਾਗਰਿਕ) ਵੱਲੋਂ ਗਰਾਊਂਡ ਟਰੂਥਿੰਗ ਅਤੇ ਮੌਕੇ ਦੀ ਨਿਰੀਖਣ ਰਾਹੀਂ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਇਹ ਸਪੱਸ਼ਟ ਕੀਤਾ ਹੈ ਕਿ ਪੋਰਟਲ 'ਤੇ ਕੀਤੀ ਗਈ ਫ਼ਸਲ-ਰਜਿਸਟ੍ਰੇਸ਼ਨ ਪੜਤਾਲ-ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਮਾਨਤਾ ਪ੍ਰਾਪਤ ਕਰੇਗੀ।
ਰਾਜ ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਜਿਸਟ੍ਰੇਸ਼ਨ ਸਮੇਂ ਆਪਣੀ ਜ਼ਮੀਨ ਅਤੇ ਫ਼ਸਲ ਨਾਲ ਸਬੰਧਤ ਪੂਰੀ ਅਤੇ ਸਹੀ ਜਾਣਕਾਰੀ ਹੀ ਦਰਜ ਕਰਨ, ਤਾਂ ਜੋ ਪੜਤਾਲ ਪ੍ਰਕਿਰਿਆ ਅਤੇ ਬਾਅਦ ਵਿੱਚ ਫ਼ਸਲ ਵੇਚਣ ਸਮੇਂ ਕਿਸੇ ਕਿਸਮ ਦੀ ਦਿੱਕਤ ਨਾ ਆਵੇ। 21 ਸਤੰਬਰ ਤੋਂ 27 ਸਤੰਬਰ 2026 ਦੌਰਾਨ ਸਬੰਧਤ ਵਿਭਾਗੀ ਅਫ਼ਸਰ ਅਤੇ ਕਰਮਚਾਰੀ ਕਿਸਾਨਾਂ ਨੂੰ ਫ਼ਸਲ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਨ ਵਿੱਚ ਜ਼ਰੂਰੀ ਸਹਿਯੋਗ ਅਤੇ ਸਹੂਲਤਾਂ ਉਪਲਬਧ ਕਰਵਾਉਣਗੇ।
ਹਿੰਦੂਸਥਾਨ ਸਮਾਚਾਰ / GURSHARAN SINGH