
ਚੰਡੀਗੜ੍ਹ, 20 ਸਤੰਬਰ (ਹਿੰ.ਸ.)| ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਿਆਂ ਖ਼ਿਲਾਫ਼ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ 28 ਸਤੰਬਰ ਨੂੰ ਨਾਭਾ ਵਿਧਾਨ ਸਭਾ ਹਲਕੇ ਵਿੱਚ ਪਹੁੰਚੇਗੀ। ਪਾਰਟੀ ਵੱਲੋਂ ਇਸ ਯਾਤਰਾ ਨੂੰ ‘ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ’ ਦੇ ਨਾਅਰੇ ਹੇਠ ਚਲਾਇਆ ਜਾ ਰਿਹਾ ਹੈ। ਯਾਤਰਾ ਦੇ ਵੱਖ-ਵੱਖ ਪੜਾਵਾਂ ਦੀ ਸ਼ੁਰੂਆਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤੀ ਗਈ ਹੈ ਅਤੇ ਇਸ ਦਾ ਸਮਾਪਤੀ ਸਮਾਗਮ 30 ਸਤੰਬਰ ਨੂੰ ਜਲੰਧਰ ਵਿੱਚ ਰੱਖਿਆ ਗਿਆ ਹੈ।
ਨਾਭਾ ਵਿੱਚ ਯਾਤਰਾ ਦੇ ਸਵਾਗਤ ਅਤੇ ਹੋਰ ਪ੍ਰਬੰਧਾਂ ਸਬੰਧੀ ਭਾਜਪਾ ਪੰਜਾਬ ਦੇ ਸਕੱਤਰ ਚਰਨਜੀਤ ਸਿੰਘ ਬਰਾੜ, ਭਾਜਪਾ ਦੱਖਣੀ ਦੇ ਪ੍ਰਧਾਨ ਹਰਮੇਸ ਗੋਇਲ ਅਤੇ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਯਾਤਰਾ ਦੇ ਰੂਟ ਦਾ ਦੌਰਾ ਕੀਤਾ। ਆਗੂਆਂ ਨੇ ਸਥਾਨਕ ਵਰਕਰਾਂ ਨਾਲ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕਰਦਿਆਂ ਲੋੜੀਂਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਇਸ ਮੌਕੇ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਅਤੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨ ਲਈ ਯਾਤਰਾ ਦੌਰਾਨ ਵੱਖ-ਵੱਖ ਥਾਵਾਂ ’ਤੇ ਲੋਕਾਂ ਨਾਲ ਸੰਪਰਕ ਕੀਤਾ ਜਾਵੇਗਾ। ਉਨ੍ਹਾਂ ਨਾਭਾ ਵਾਸੀਆਂ ਨੂੰ 28 ਸਤੰਬਰ ਨੂੰ ਯਾਤਰਾ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਭਾਜਪਾ ਵੱਲੋਂ ਦੱਸਿਆ ਗਿਆ ਹੈ ਕਿ ਯਾਤਰਾ ਦੇ ਸਮਾਪਤੀ ਪੜਾਅ ਵਜੋਂ 30 ਸਤੰਬਰ ਨੂੰ ਜਲੰਧਰ ਵਿੱਚ ਵਿਸ਼ਾਲ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਸੰਬੋਧਨ ਕਰਨਗੇ। ਪਾਰਟੀ ਮੁਤਾਬਕ ਯਾਤਰਾ ਦਾ ਉਦੇਸ਼ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਵਧਾਉਣਾ ਅਤੇ ਲੋਕਾਂ ਨੂੰ ਇਸ ਮੁੱਦੇ ’ਤੇ ਲਾਮਬੰਦ ਕਰਨਾ ਹੈ।
ਇਸ ਮੌਕੇ ਥੂਹੀ ਮੰਡਲ ਪ੍ਰਧਾਨ ਰਿਸ਼ੂ ਵਰਮਾ, ਜਨਰਲ ਸਕੱਤਰ ਗੌਰਵ ਜਲੋਟਾ, ਜ਼ਿਲ੍ਹਾ ਪਟਿਆਲਾ ਦੱਖਣੀ ਦੇ ਮੀਤ ਪ੍ਰਧਾਨ ਸੰਨੀ ਸਿੰਗਲਾ, ਵਰਿੰਦਰ ਸਿੰਘ ਬਿੱਟੂ, ਭਗਵੰਤ ਸਿੰਘ ਰਾਮਗੜ੍ਹੀਆ, ਸਰਬਜੀਤ ਸਿੰਘ ਰਾਮਗੜ੍ਹੀਆ, ਪੰਚਾਇਤ ਮੈਂਬਰ ਜੋਰਾ ਸਿੰਘ, ਸੁਖਦੇਵ ਸਿੰਘ ਪੀਟਰ, ਮਨਦੀਪ ਸਿੰਘ, ਗਾਇਕ ਮਾਣਕ ਅਲੀ, ਜਸਪ੍ਰੀਤ ਸਿੰਘ, ਰਣਜੀਤ ਰਾਣਾ, ਹਰਮਨ ਸਿੰਘ ਅਤੇ ਸੁਖਵਿੰਦਰ ਘੋਨਾ ਸਮੇਤ ਹੋਰ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH