
ਪੈਟਰੋਲ ਪੰਪ ਡੀਲਰਾਂ ਵੱਲੋਂ ਐੱਮਡੀਆਰ ਦਾ ਵਿਰੋਧ, ਹੜਤਾਲ ਦੀ ਚਿਤਾਵਨੀ; ਟਰੱਕ ਆਪਰੇਟਰਾਂ ਨੇ ਵੀ ਜਤਾਈ ਨਾਰਾਜ਼ਗੀ
ਚੰਡੀਗੜ੍ਹ, 20 ਸਤੰਬਰ (ਹਿੰ.ਸ.)| ਪੰਜਾਬ ਵਿੱਚ ਪੈਟਰੋਲ ਪੰਪ ਡੀਲਰ ਜਲਦ ਹੀ ਫੋਨਪੇ, ਗੂਗਲਪੇ ਅਤੇ ਪੇਟੀਐੱਮ ਵਰਗੇ ਯੂਪੀਆਈ ਮਾਧਿਅਮਾਂ ਰਾਹੀਂ 2,000 ਰੁਪਏ ਤੋਂ ਵੱਧ ਦੀ ਅਦਾਇਗੀ ਲੈਣੀ ਬੰਦ ਕਰ ਸਕਦੇ ਹਨ। ਪੰਜਾਬ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਯੂਪੀਆਈ ਅਦਾਇਗੀਆਂ ’ਤੇ ਵਪਾਰੀ ਛੂਟ ਦਰ (ਐੱਮਡੀਆਰ) ਲਗਾਉਣ ਦੇ ਵਿਰੋਧ ਵਿੱਚ ਇਹ ਚੇਤਾਵਨੀ ਦਿੱਤੀ ਹੈ। ਐਸੋਸੀਏਸ਼ਨ ਨੇ ਸਰਕਾਰ ਤੋਂ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਅਤੇ ਮੰਗਾਂ ਨਾ ਮੰਨੇ ਜਾਣ ’ਤੇ ਹੜਤਾਲ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ।
ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪੈਟਰੋਲ ਪੰਪ ਡੀਲਰਾਂ ਨੂੰ ਪਹਿਲਾਂ ਹੀ ਸੀਮਤ ਕਮਿਸ਼ਨ ਮਿਲਦਾ ਹੈ, ਜਦਕਿ ਕਰਮਚਾਰੀਆਂ ਦੀਆਂ ਤਨਖ਼ਾਹਾਂ, ਬਿਜਲੀ, ਰੱਖ-ਰਖਾਅ, ਸੁਰੱਖਿਆ ਅਤੇ ਹੋਰ ਖਰਚੇ ਲਗਾਤਾਰ ਵੱਧ ਰਹੇ ਹਨ। ਅਜਿਹੇ ਵਿੱਚ ਯੂਪੀਆਈ ਲੈਣ-ਦੇਣ ’ਤੇ ਵਾਧੂ ਫੀਸ ਲਗਾਉਣਾ ਡੀਲਰਾਂ ’ਤੇ ਹੋਰ ਵਿੱਤੀ ਬੋਝ ਪਾ ਸਕਦਾ ਹੈ।
ਉਪਲਬਧ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਲਗਭਗ 4,104 ਪੈਟਰੋਲ ਪੰਪ ਹਨ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ ਦੇ ਅਗਸਤ 2026 ਦੇ ਅੰਕੜਿਆਂ ਦੇ ਆਧਾਰ ’ਤੇ ਪੰਜਾਬ ਦੇ ਪੈਟਰੋਲ ਪੰਪਾਂ ’ਤੇ ਰੋਜ਼ਾਨਾ ਲਗਭਗ 11 ਤੋਂ 12 ਲੱਖ ਯੂਪੀਆਈ ਲੈਣ-ਦੇਣ ਹੋਣ ਦਾ ਅਨੁਮਾਨ ਹੈ। ਇਨ੍ਹਾਂ ਦੀ ਕੁੱਲ ਰਕਮ ਕਰੀਬ 65 ਤੋਂ 70 ਕਰੋੜ ਰੁਪਏ ਰੋਜ਼ਾਨਾ ਦੱਸੀ ਗਈ ਹੈ।
ਅਨੁਮਾਨ ਅਨੁਸਾਰ ਰੋਜ਼ਾਨਾ ਲਗਭਗ 10 ਫ਼ੀਸਦੀ ਗਾਹਕ ਹੀ 2,000 ਰੁਪਏ ਤੋਂ ਵੱਧ ਦਾ ਤੇਲ ਭਰਵਾਉਂਦੇ ਹਨ। ਜੇਕਰ ਹਰ ਲੈਣ-ਦੇਣ ’ਤੇ 5 ਰੁਪਏ ਫੀਸ ਲਾਗੂ ਹੁੰਦੀ ਹੈ ਤਾਂ ਡੀਲਰਾਂ ਨੂੰ ਰੋਜ਼ਾਨਾ ਲਗਭਗ 5.5 ਤੋਂ 6 ਲੱਖ ਰੁਪਏ ਅਤੇ ਮਹੀਨੇ ਵਿੱਚ 1.65 ਤੋਂ 1.80 ਕਰੋੜ ਰੁਪਏ ਤੱਕ ਦਾ ਵਾਧੂ ਖਰਚਾ ਪੈ ਸਕਦਾ ਹੈ।
ਪੈਟਰੋਲ ਡੀਲਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਕੇਂਦਰੀ ਪੈਟਰੋਲੀਅਮ ਮੰਤਰੀ, ਵਿੱਤ ਮੰਤਰੀ ਅਤੇ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਦੇ ਅਧਿਕਾਰੀਆਂ ਤੋਂ ਇਸ ਮਾਮਲੇ ਵਿੱਚ ਰਾਹਤ ਦੀ ਮੰਗ ਕੀਤੀ ਹੈ।
ਡੀਲਰਾਂ ਨੇ 14 ਸਤੰਬਰ ਨੂੰ ਜਾਰੀ ਵਿੱਤ ਮੰਤਰਾਲੇ ਦੀ ਗਜ਼ਟ ਅਧਿਸੂਚਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੈਟਰੋਲ ਪੰਪਾਂ ’ਤੇ ਡਿਜੀਟਲ ਅਦਾਇਗੀ ਲਈ ਗਾਹਕਾਂ ਤੋਂ ਕੋਈ ਵਾਧੂ ਚਾਰਜ ਨਹੀਂ ਲਿਆ ਜਾਣਾ ਚਾਹੀਦਾ। ਉਨ੍ਹਾਂ ਦਾ ਤਰਕ ਹੈ ਕਿ ਜੇਕਰ 2,000 ਰੁਪਏ ਤੋਂ ਵੱਧ ਦੀ ਯੂਪੀਆਈ ਅਦਾਇਗੀ ’ਤੇ ਹਰ ਲੈਣ-ਦੇਣ ਲਈ ਫੀਸ ਦੇਣੀ ਪਈ ਤਾਂ ਇਸ ਦਾ ਸਿੱਧਾ ਅਸਰ ਡੀਲਰਾਂ ਦੀ ਆਮਦਨ ’ਤੇ ਪਵੇਗਾ।
ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਆਲ ਪੰਜਾਬ ਟਰੱਕ ਆਪਰੇਟਰਜ਼ ਯੂਨੀਅਨ ਨੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ਜੇਕਰ ਪੰਜਾਬ ਦੇ ਪੈਟਰੋਲ ਪੰਪ ਡੀਲਰ 2,000 ਰੁਪਏ ਤੋਂ ਵੱਧ ਦੀ ਯੂਪੀਆਈ ਅਦਾਇਗੀ ਲੈਣੀ ਬੰਦ ਕਰਦੇ ਹਨ ਤਾਂ ਇਸ ਦਾ ਸਭ ਤੋਂ ਵੱਧ ਅਸਰ ਟਰੱਕ ਆਪਰੇਟਰਾਂ ’ਤੇ ਪਵੇਗਾ।
ਉਨ੍ਹਾਂ ਦੱਸਿਆ ਕਿ ਇੱਕ ਟਰੱਕ ਵਿੱਚ ਇੱਕ ਵਾਰ 20 ਤੋਂ 50 ਹਜ਼ਾਰ ਰੁਪਏ ਤੱਕ ਦਾ ਡੀਜ਼ਲ ਭਰਵਾਇਆ ਜਾਂਦਾ ਹੈ। ਲੰਬੇ ਸਫ਼ਰ ’ਤੇ ਜਾਣ ਤੋਂ ਪਹਿਲਾਂ ਜ਼ਿਆਦਾਤਰ ਟਰੱਕ ਆਪਰੇਟਰ ਸਮਾਂ ਬਚਾਉਣ ਲਈ ਟੈਂਕੀ ਫੁੱਲ ਕਰਵਾਉਂਦੇ ਹਨ। ਜੇਕਰ ਇੱਕ ਵਾਰ ਵਿੱਚ ਡੀਜ਼ਲ ਨਾ ਭਰਵਾ ਸਕੇ ਤਾਂ ਡਰਾਈਵਰਾਂ ਨੂੰ ਵਾਰ-ਵਾਰ ਰੁਕਣਾ ਪਵੇਗਾ ਜਾਂ ਵੱਡੀ ਮਾਤਰਾ ਵਿੱਚ ਨਕਦੀ ਨਾਲ ਰੱਖਣੀ ਪਵੇਗੀ। ਇਸ ਨਾਲ ਲੁੱਟ ਦੀਆਂ ਘਟਨਾਵਾਂ ਦਾ ਖ਼ਤਰਾ ਵਧ ਸਕਦਾ ਹੈ।
ਹੈਪੀ ਸੰਧੂ ਨੇ ਸਰਕਾਰ ਤੋਂ ਫੈਸਲਾ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਅਜਿਹਾ ਨਾ ਹੋਣ ’ਤੇ ਆਲ ਪੰਜਾਬ ਟਰੱਕ ਆਪਰੇਟਰਜ਼ ਯੂਨੀਅਨ ਹੜਤਾਲ ਕਰਨ ਲਈ ਮਜਬੂਰ ਹੋਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH