
ਦੋ ਉਮਰ ਵਰਗਾਂ ਵਿੱਚ ਹੋਣਗੇ ਮੁਕਾਬਲੇ, ਖਿਡਾਰੀ 1 ਤੋਂ 22 ਨਵੰਬਰ ਤੱਕ ਕਰਵਾ ਸਕਣਗੇ ਆਨਲਾਈਨ ਰਜਿਸਟ੍ਰੇਸ਼ਨ
ਫਾਜ਼ਿਲਕਾ, 20 ਸਤੰਬਰ (ਹਿੰ.ਸ.)| ਖੇਡ ਵਿਭਾਗ ਪੰਜਾਬ ਵੱਲੋਂ ‘ਪੈਰਾ-ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਪੈਰਾ ਐਥਲੈਟਿਕਸ, ਪੈਰਾ ਬੈਡਮਿੰਟਨ, ਪੈਰਾ ਪਾਵਰਲਿਫਟਿੰਗ ਅਤੇ ਵ੍ਹੀਲਚੇਅਰ ਬਾਸਕਟਬਾਲ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਖੇਡਾਂ 25 ਤੋਂ 28 ਨਵੰਬਰ 2026 ਤੱਕ ਜ਼ਿਲ੍ਹਾ ਲੁਧਿਆਣਾ ਵਿਖੇ ਕਰਵਾਈਆਂ ਜਾਣਗੀਆਂ।
ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫ਼ਸਰ ਫਾਜ਼ਿਲਕਾ ਰੁਪਿੰਦਰ ਸਿੰਘ ਬਰਾੜ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੈਰਾ-ਖੇਡਾਂ ਵਿੱਚ ਦੋ ਉਮਰ ਵਰਗਾਂ ਅਧੀਨ ਮੁਕਾਬਲੇ ਹੋਣਗੇ। ਇਨ੍ਹਾਂ ਵਿੱਚ ਜੂਨੀਅਰ ਵਰਗ ਅੰਡਰ-19 ਸਾਲ ਅਤੇ ਓਪਨ ਵਰਗ 19 ਸਾਲ ਤੋਂ ਵੱਧ ਉਮਰ ਦੇ ਖਿਡਾਰੀ ਸ਼ਾਮਲ ਹੋਣਗੇ।
ਉਨ੍ਹਾਂ ਦੱਸਿਆ ਕਿ ਖੇਡਾਂ ਵਿੱਚ ਭਾਗ ਲੈਣ ਦੇ ਚਾਹਵਾਨ ਖਿਡਾਰੀ 1 ਨਵੰਬਰ ਤੋਂ 22 ਨਵੰਬਰ 2026 ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਪੈਰਾ ਖਿਡਾਰੀਆਂ ਦੀ ਵਰਗੀਕਰਨ ਪ੍ਰਕਿਰਿਆ 23 ਸਤੰਬਰ ਤੋਂ 6 ਨਵੰਬਰ 2026 ਤੱਕ ਸੂਬੇ ਦੇ ਵੱਖ-ਵੱਖ ਜ਼ਿਲ੍ਹਾ ਖੇਡ ਦਫ਼ਤਰਾਂ ਵਿਖੇ ਕੀਤੀ ਜਾਵੇਗੀ।
ਜ਼ਿਲ੍ਹਾ ਖੇਡ ਅਫ਼ਸਰ ਨੇ ਕਿਹਾ ਕਿ ਪੈਰਾ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਲਈ ਇਹ ਮੁਕਾਬਲੇ ਮਹੱਤਵਪੂਰਨ ਮੰਚ ਪ੍ਰਦਾਨ ਕਰਨਗੇ। ਉਨ੍ਹਾਂ ਯੋਗ ਖਿਡਾਰੀਆਂ ਨੂੰ ਸਮੇਂ ਸਿਰ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਪੈਰਾ-ਖੇਡਾਂ ਵਤਨ ਪੰਜਾਬ ਦੀਆਂ-2026 ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਮੁਸ਼ਕਲ ਲਈ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਨਾਲ ਮੋਬਾਈਲ ਨੰਬਰ 98034-54949 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH