
ਮੁਲਜ਼ਮਾਂ ਕੋਲੋਂ 5 ਨਾਜਾਇਜ਼ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ; ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤੇਜ਼
ਜਲੰਧਰ, 21 ਸਤੰਬਰ (ਹਿੰ.ਸ.)| ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨਾਕਾਬੰਦੀ ਦੌਰਾਨ ਪੁਲਿਸ ਟੀਮ ’ਤੇ ਕਥਿਤ ਤੌਰ ’ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਕੁੱਲ 5 ਨਾਜਾਇਜ਼ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਣੀ ਸ਼ੋਕਰ, ਦਿਲਪ੍ਰੀਤ ਸਿੰਘ ਅਤੇ ਮੇਹਰ ਸਿੰਘ ਉਰਫ਼ ਪ੍ਰਿੰਸ ਵਜੋਂ ਹੋਈ ਹੈ।
ਜਲੰਧਰ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦੇ ਨਿਰਦੇਸ਼ਾਂ ਹੇਠ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਨੇ ਇਹ ਕਾਰਵਾਈ ਕੀਤੀ। ਇਹ ਕਾਰਵਾਈ ਡੀਸੀਪੀ ਸਿਟੀ ਆਦਿਤਿਆ ਐੱਸ. ਵਾਰਿਅਰ, ਏਡੀਸੀਪੀ ਸਿਟੀ-2 ਮਾਧਵੀ ਸ਼ਰਮਾ ਅਤੇ ਏਸੀਪੀ ਸਬ-ਡਿਵੀਜ਼ਨ-5 ਕੈਂਟ ਕੁਲਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਕੀਤੀ ਗਈ।
ਪੁਲਿਸ ਮੁਤਾਬਕ ਥਾਣਾ ਸਦਰ ਦੇ ਐੱਸਐੱਚਓ ਦੀ ਨਿਗਰਾਨੀ ਹੇਠ ਪੁਲਿਸ ਚੌਕੀ ਜੰਡਿਆਲਾ ਦੇ ਇੰਚਾਰਜ ਐੱਸਆਈ ਨਰਿੰਦਰ ਮੋਹਨ ਪੁਲਿਸ ਟੀਮ ਸਮੇਤ ਜੰਡਿਆਲਾ ਮੋੜ ’ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ।
ਇਸ ਦੌਰਾਨ ਜੰਡਿਆਲਾ ਮੋੜ ਵੱਲੋਂ ਆ ਰਹੀ ਇੱਕ ਮਹਿੰਦਰਾ ਸਕਾਰਪੀਓ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਗਈ। ਪੁਲਿਸ ਨੇ ਜਦੋਂ ਗੱਡੀ ਚਲਾ ਰਹੇ ਵਿਅਕਤੀ ਅਤੇ ਉਸ ਦੇ ਨਾਲ ਬੈਠੇ ਵਿਅਕਤੀ ਕੋਲੋਂ ਪਛਾਣ ਪੱਤਰ ਅਤੇ ਡਰਾਈਵਿੰਗ ਲਾਇਸੈਂਸ ਮੰਗਿਆ ਤਾਂ ਕਥਿਤ ਤੌਰ ’ਤੇ ਨਾਲ ਬੈਠੇ ਵਿਅਕਤੀ ਨੇ ਪਿਸਤੌਲ ਕੱਢ ਕੇ ਐੱਸਆਈ ਨਰਿੰਦਰ ਮੋਹਨ ’ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਅਨੁਸਾਰ ਐੱਸਆਈ ਨਰਿੰਦਰ ਮੋਹਨ ਨੇ ਤੁਰੰਤ ਮੁਸਤੈਦੀ ਦਿਖਾਉਂਦਿਆਂ ਮੁਲਜ਼ਮ ਦਾ ਹੱਥ ਫੜ ਕੇ ਉਸ ਨੂੰ ਪਾਸੇ ਧੱਕ ਦਿੱਤਾ। ਇਸ ਦੌਰਾਨ ਚਲਾਈਆਂ ਗਈਆਂ ਦੋ ਗੋਲੀਆਂ ਨੇੜੇ ਸਥਿਤ ਇੱਕ ਢਾਬੇ ਦੀ ਕੰਧ ਵਿੱਚ ਜਾ ਲੱਗੀਆਂ।
ਪੁਲਿਸ ਟੀਮ ਨੇ ਮੌਕੇ ’ਤੇ ਹੀ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਫਾਇਰਿੰਗ ਕਰਨ ਵਾਲੇ ਵਿਅਕਤੀ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਣੀ ਸ਼ੋਕਰ, ਵਾਸੀ ਪਿੰਡ ਅੱਟੀ ਬਾਜਾ, ਫਿਲੌਰ, ਜਲੰਧਰ ਵਜੋਂ ਹੋਈ। ਗੱਡੀ ਚਲਾ ਰਹੇ ਵਿਅਕਤੀ ਦੀ ਪਛਾਣ ਦਿਲਪ੍ਰੀਤ ਸਿੰਘ, ਵਾਸੀ ਪਿੰਡ ਧਰਮ ਸਿੰਘ ਵਾਲਾ, ਮੋਗਾ ਵਜੋਂ ਹੋਈ। ਪੁਲਿਸ ਨੇ ਮੌਕੇ ਤੋਂ ਫਾਇਰਿੰਗ ਵਿੱਚ ਵਰਤੀ ਗਈ ਇੱਕ ਗਲੌਕ ਪਿਸਤੌਲ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਥਾਣਾ ਸਦਰ, ਕਮਿਸ਼ਨਰੇਟ ਜਲੰਧਰ ਵਿੱਚ ਐੱਫਆਈਆਰ ਦਰਜ ਕੀਤੀ ਗਈ।
ਪੁਲਿਸ ਅਨੁਸਾਰ ਮਨਪ੍ਰੀਤ ਸਿੰਘ ਉਰਫ਼ ਮਣੀ ਸ਼ੋਕਰ ਤੋਂ ਪੁੱਛਗਿੱਛ ਦੌਰਾਨ ਹੋਰ 4 ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਸ ਤਰ੍ਹਾਂ ਮਾਮਲੇ ਵਿੱਚ ਹੁਣ ਤੱਕ ਕੁੱਲ 5 ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋ ਚੁੱਕੇ ਹਨ।
ਜਾਂਚ ਨੂੰ ਅੱਗੇ ਵਧਾਉਂਦਿਆਂ ਪੁਲਿਸ ਨੇ ਐਤਵਾਰ ਦੇਰ ਰਾਤ ਤੀਜੇ ਮੁਲਜ਼ਮ ਮੇਹਰ ਸਿੰਘ ਉਰਫ਼ ਪ੍ਰਿੰਸ, ਵਾਸੀ ਨਿਊ ਆਜ਼ਾਦ ਨਗਰ, ਲੁਧਿਆਣਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਬਰਾਮਦ ਕੀਤੇ ਹਥਿਆਰਾਂ ਵਿੱਚ ਆਸਟਰੀਆ ਵਿੱਚ ਬਣੀ ਗਲੌਕ, ਰੋਮਾਨੀਆ ਦੀ ਬਣੀ ਟੀਟੀ-ਸੀ, ਜਰਮਨੀ ਦੀ ਬਣੀ ਵਾਲਥਰ ਪਿਸਤੌਲ ਅਤੇ ਹੋਰ ਅਣਪਛਾਤੀਆਂ ਪਿਸਤੌਲਾਂ ਸ਼ਾਮਲ ਦੱਸੀਆਂ ਗਈਆਂ ਹਨ।
ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਥਿਆਰਾਂ ਦੀ ਸਪਲਾਈ ਤੇ ਮੁਲਜ਼ਮਾਂ ਦੇ ਹੋਰ ਸਾਥੀਆਂ ਸਬੰਧੀ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH