ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ‘ਬਿਗ 5’ ਰਣਨੀਤੀ, ਪੁਲਿਸ ਕਾਰਵਾਈ ਤੋਂ ਲੈ ਕੇ ਇਲਾਜ ਤੱਕ ਫੋਕਸ
ਨਸ਼ਿਆਂ ਦੀ ਸਪਲਾਈ ਰੋਕਣ ਦੇ ਨਾਲ ਰੋਕਥਾਮ, ਭਾਈਚਾਰਕ ਨਿਗਰਾਨੀ ਅਤੇ ਮੁੜ ਵਸੇਬੇ ’ਤੇ ਜ਼ੋਰ ਚੰਡੀਗੜ੍ਹ, 21 ਸਤੰਬਰ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੁਣ ਪੰਜ-ਸੂਤਰੀ ਰਣਨੀਤੀ ਨਾਲ ਅੱਗੇ ਵਧਾਇਆ ਜਾ ਰਿਹ
ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ‘ਬਿਗ 5’ ਰਣਨੀਤੀ, ਪੁਲਿਸ ਕਾਰਵਾਈ ਤੋਂ ਲੈ ਕੇ ਇਲਾਜ ਤੱਕ ਫੋਕਸ


ਨਸ਼ਿਆਂ ਦੀ ਸਪਲਾਈ ਰੋਕਣ ਦੇ ਨਾਲ ਰੋਕਥਾਮ, ਭਾਈਚਾਰਕ ਨਿਗਰਾਨੀ ਅਤੇ ਮੁੜ ਵਸੇਬੇ ’ਤੇ ਜ਼ੋਰ

ਚੰਡੀਗੜ੍ਹ, 21 ਸਤੰਬਰ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੁਣ ਪੰਜ-ਸੂਤਰੀ ਰਣਨੀਤੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਸਰਕਾਰ ਮੁਤਾਬਕ ਇਸ ‘ਬਿਗ 5’ ਤਹਿਤ ਪੁਲਿਸ ਕਾਰਵਾਈ, ਸਕੂਲਾਂ ਵਿੱਚ ਰੋਕਥਾਮ, ਨੌਜਵਾਨਾਂ ਦੀ ਭਾਗੀਦਾਰੀ, ਭਾਈਚਾਰਕ ਨਿਗਰਾਨੀ ਅਤੇ ਨਸ਼ਾ-ਮੁਕਤੀ ਤੇ ਮੁੜ ਵਸੇਬੇ ਨੂੰ ਮੁਹਿੰਮ ਦਾ ਹਿੱਸਾ ਬਣਾਇਆ ਗਿਆ ਹੈ।

ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮਾਰਚ 2025 ਤੋਂ ਸਤੰਬਰ 2026 ਦਰਮਿਆਨ ਐਂਟੀ-ਨਾਰਕੋਟਿਕਸ ਟਾਸਕ ਫੋਰਸ ਨੇ 61,824 ਐਫਆਈਆਰ ਦਰਜ ਕਰਕੇ 81,433 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਦੌਰਾਨ 3,918 ਕਿਲੋਗ੍ਰਾਮ ਹੈਰੋਇਨ, 991 ਕਿਲੋਗ੍ਰਾਮ ਅਫ਼ੀਮ, 47 ਟਨ ਭੁੱਕੀ, 1,416 ਕਿਲੋਗ੍ਰਾਮ ਗਾਂਜਾ ਅਤੇ 65 ਲੱਖ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਜਾਣ ਦਾ ਸਰਕਾਰ ਨੇ ਦਾਅਵਾ ਕੀਤਾ ਹੈ। ਇਸੇ ਸਮੇਂ ਪੰਜਾਬ ਪੁਲਿਸ ਵੱਲੋਂ 79,293 ਜਨਤਕ ਮੀਟਿੰਗਾਂ ਵੀ ਕੀਤੀਆਂ ਗਈਆਂ।

‘ਬਿਗ 5’ ਦੇ ਦੂਜੇ ਹਿੱਸੇ ਤਹਿਤ 3,600 ਸਕੂਲਾਂ ਵਿੱਚ ਕਰੀਬ 7.5 ਲੱਖ ਵਿਦਿਆਰਥੀਆਂ ਨੂੰ 14 ਹਫ਼ਤਿਆਂ ਦਾ ਨਸ਼ਾ-ਵਿਰੋਧੀ ਪਾਠਕ੍ਰਮ ਪੜ੍ਹਾਇਆ ਜਾ ਰਿਹਾ ਹੈ। ਸਰਕਾਰ ਮੁਤਾਬਕ 13 ਜ਼ਿਲ੍ਹਿਆਂ ਦੇ ਲਗਭਗ 25,000 ਹਾਈ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲ ਅਧਿਆਪਕਾਂ ਨੂੰ ਪੜਾਅਵਾਰ ਸਿਖਲਾਈ ਦੇਣ ਦੀ ਯੋਜਨਾ ਹੈ। ਅੰਮ੍ਰਿਤਸਰ, ਤਰਨਤਾਰਨ ਅਤੇ ਫਾਜ਼ਿਲਕਾ ਵਿੱਚ ਕਰੀਬ 7,000 ਅਧਿਆਪਕਾਂ ਨੂੰ ਪਹਿਲਾਂ ਹੀ ਜਾਗਰੂਕ ਕੀਤਾ ਜਾ ਚੁੱਕਾ ਹੈ।

ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਰੱਖਣ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਮਾਨਸਿਕ ਸਿਹਤ ਕਲੱਬ ਅਤੇ ਨੌਜਵਾਨਾਂ ਦੀ ਅਗਵਾਈ ਵਾਲੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਜ਼ਮੀਨੀ ਪੱਧਰ ’ਤੇ ਕਰੀਬ 1.25 ਲੱਖ ਮੈਂਬਰ 15,000 ਪਿੰਡ ਅਤੇ ਵਾਰਡ ਰੱਖਿਆ ਕਮੇਟੀਆਂ ਨਾਲ ਜੁੜੇ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ 50,000 ਤੋਂ ਵੱਧ ਕਮੇਟੀ ਮੈਂਬਰਾਂ ਨੂੰ ‘ਨਸ਼ਾ ਮੁਕਤੀ ਐਪ’ ਦੀ ਵਰਤੋਂ ਬਾਰੇ ਸਿਖਲਾਈ ਦਿੱਤੀ ਗਈ ਹੈ।

ਪੰਜਵੇਂ ਹਿੱਸੇ ਤਹਿਤ ਨਸ਼ਿਆਂ ਦੀ ਲਤ ਨਾਲ ਜੂਝ ਰਹੇ ਲੋਕਾਂ ਨੂੰ ਇਲਾਜ ਅਤੇ ਮੁੜ ਵਸੇਬੇ ਨਾਲ ਜੋੜਨ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਸਰਕਾਰ ਮੁਤਾਬਕ ਪੰਜਾਬ ਵਿੱਚ ਇਸ ਸਮੇਂ 547 ਓ.ਓ.ਏ.ਟੀ. ਕੇਂਦਰ, 219 ਨਸ਼ਾ-ਮੁਕਤੀ ਕੇਂਦਰ ਅਤੇ 91 ਮੁੜ ਵਸੇਬਾ ਕੇਂਦਰ ਚੱਲ ਰਹੇ ਹਨ। ਸਰਕਾਰ ਵੱਲੋਂ ਦੱਸਿਆ ਗਿਆ ਹੈ ਕਿ ਸਰਕਾਰੀ ਨਸ਼ਾ-ਮੁਕਤੀ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਦਾਖ਼ਲ ਹੋਣ ਵਾਲਿਆਂ ਦੀ ਗਿਣਤੀ 2024 ਦੇ ਕਰੀਬ 12,200 ਤੋਂ ਵਧ ਕੇ 2025 ਵਿੱਚ ਲਗਭਗ 34,000 ਹੋ ਗਈ। ‘ਬਿਗ 5’ ਰਣਨੀਤੀ ਤਹਿਤ ਸਰਕਾਰ ਦਾ ਫੋਕਸ ਨਸ਼ਿਆਂ ਦੀ ਸਪਲਾਈ ’ਤੇ ਕਾਰਵਾਈ ਦੇ ਨਾਲ-ਨਾਲ ਨੌਜਵਾਨਾਂ ਵਿੱਚ ਰੋਕਥਾਮ, ਲੋਕਾਂ ਲਈ ਰਿਪੋਰਟਿੰਗ ਦੇ ਮੌਕੇ ਵਧਾਉਣ ਅਤੇ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਇਲਾਜ ਨਾਲ ਜੋੜਨ ’ਤੇ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande