
ਕਾਰੋਬਾਰੀ ਰਾਕੇਸ਼ ਤ੍ਰੇਹਨ ਨੇ 22 ਸਤੰਬਰ ਨੂੰ ਮੁਫ਼ਤ ਆਈਫੋਨ ਦੇਣ ਦਾ ਕੀਤਾ ਸੀ ਐਲਾਨ ਪ੍ਰਸ਼ਾਸਨ ਨੇ ਬਿਨਾਂ ਇਜਾਜ਼ਤ ਸਮਾਗਮ ਨਾ ਕਰਨ ਦੀ ਦਿੱਤੀ ਹਦਾਇਤਚੰਡੀਗੜ੍ਹ, 21 ਸਤੰਬਰ (ਹਿੰ.ਸ.)| ਕਾਰੋਬਾਰੀ ਰਾਕੇਸ਼ ਤ੍ਰੇਹਨ ਵੱਲੋਂ 22 ਸਤੰਬਰ ਨੂੰ ਲਗਾਏ ਜਾਣ ਵਾਲੇ ਕਥਿਤ ‘ਆਈਫੋਨ ਲੰਗਰ’ ’ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਰੋਕ ਲਗਾ ਦਿੱਤੀ ਹੈ। ਡੀਸੀ ਨਿਸ਼ਾਂਤ ਯਾਦਵ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਬਿਨਾਂ ਮਨਜ਼ੂਰੀ ਅਜਿਹਾ ਕੋਈ ਸਮਾਗਮ ਨਾ ਹੋਣ ਦਿੱਤਾ ਜਾਵੇ। ਚੰਡੀਗੜ੍ਹ ਪੁਲਿਸ ਨੇ ਵੀ ਸਪੱਸ਼ਟ ਕੀਤਾ ਹੈ ਕਿ ਇਸ ਤਰ੍ਹਾਂ ਦੇ ਲੰਗਰ ਲਈ ਉਸ ਕੋਲੋਂ ਕੋਈ ਇਜਾਜ਼ਤ ਨਹੀਂ ਲਈ ਗਈ।ਉੱਧਰ, ਮੋਹਾਲੀ ਪੁਲਿਸ ਨੇ ਵੀ ਕਿਹਾ ਹੈ ਕਿ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਤੋਂ ਬਿਨਾਂ ਅਜਿਹਾ ਕੋਈ ਸਮਾਗਮ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਨਿਯਮਾਂ ਦੀ ਉਲੰਘਣਾ ਹੋਣ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਚੰਡੀਗੜ੍ਹ ਦੇ ਸੈਕਟਰ-10 ਵਿੱਚ ਰਹਿਣ ਵਾਲੇ ਕਾਰੋਬਾਰੀ ਰਾਕੇਸ਼ ਤ੍ਰੇਹਨ ਨੇ ਐਲਾਨ ਕੀਤਾ ਸੀ ਕਿ 22 ਸਤੰਬਰ ਨੂੰ ਉਹ ‘ਆਈਫੋਨ ਲੰਗਰ’ ਲਗਾਉਣਗੇ। ਉਨ੍ਹਾਂ ਮੁਤਾਬਕ ਚੰਡੀਗੜ੍ਹ ਅਤੇ ਮੋਹਾਲੀ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਮੁਫ਼ਤ ਆਈਫੋਨ ਦਿੱਤੇ ਜਾਣੇ ਸਨ।ਇਸ ਲਈ ਇੱਕ ਵਟਸਐਪ ਗਰੁੱਪ ਬਣਾਇਆ ਗਿਆ ਸੀ। ਤ੍ਰੇਹਨ ਦੇ ਐਲਾਨ ਮੁਤਾਬਕ ਗਰੁੱਪ ਵਿੱਚੋਂ ਨਾਂ ਦਾ ਡਰਾਅ ਕੱਢਿਆ ਜਾਣਾ ਸੀ ਅਤੇ ਜਿਸ ਵਿਅਕਤੀ ਦਾ ਨਾਂ ਨਿਕਲਦਾ, ਉਸ ਨੂੰ ਜੇਤੂ ਮੰਨਿਆ ਜਾਣਾ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਆਈਫੋਨ ਦੇ 1,000 ਮੋਬਾਈਲਾਂ ਦਾ ਆਰਡਰ ਦਿੱਤਾ ਜਾ ਚੁੱਕਾ ਹੈ ਅਤੇ ਪਹਿਲੇ ਦਿਨ 10 ਮੋਬਾਈਲ ਦਿੱਤੇ ਜਾਣਗੇ।ਚੰਡੀਗੜ੍ਹ ਦੇ ਡੀਸੀ ਨਿਸ਼ਾਂਤ ਯਾਦਵ ਨੇ ਅਜਿਹੇ ਸਮਾਗਮ ’ਤੇ ਰੋਕ ਦੇ ਨਿਰਦੇਸ਼ਾਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਪੁਲਿਸ ਨੂੰ ਅਜਿਹਾ ਲੰਗਰ ਰੋਕਣ ਲਈ ਕਿਹਾ ਹੈ। ਡੀਸੀ ਮੁਤਾਬਕ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠੇ ਹੋਣ ਕਾਰਨ ਸੁਰੱਖਿਆ ਅਤੇ ਭੀੜ ਪ੍ਰਬੰਧਨ ਨਾਲ ਜੁੜੇ ਖ਼ਤਰੇ ਪੈਦਾ ਹੋ ਸਕਦੇ ਹਨ।ਡੀਸੀ ਨੇ ਇਸ ਤੋਂ ਪਹਿਲਾਂ ਰਾਕੇਸ਼ ਤ੍ਰੇਹਨ ਵੱਲੋਂ ਐਲਾਨੇ ਗਏ ਮੁਫ਼ਤ ਪੈਟਰੋਲ ਲੰਗਰ ਦਾ ਵੀ ਹਵਾਲਾ ਦਿੱਤਾ ਅਤੇ ਕਿਹਾ ਕਿ ਉਸ ਵਿੱਚ ਵੀ ਵੱਡੀ ਭੀੜ ਇਕੱਠੀ ਹੋਣ ਦੀ ਸੰਭਾਵਨਾ ਕਾਰਨ ਖ਼ਤਰਾ ਪੈਦਾ ਹੋ ਸਕਦਾ ਸੀ। ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਲੰਗਰ ਲਈ ਪੁਲਿਸ ਤੋਂ ਕਿਸੇ ਨੇ ਇਜਾਜ਼ਤ ਨਹੀਂ ਮੰਗੀ। ਉਨ੍ਹਾਂ ਕਿਹਾ ਕਿ ਬਿਨਾਂ ਮਨਜ਼ੂਰੀ ਅਜਿਹਾ ਸਮਾਗਮ ਕਰਵਾਉਣ ਦੀ ਸੂਰਤ ਵਿੱਚ ਲਾਗੂ ਕਾਨੂੰਨੀ ਹਦਾਇਤਾਂ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।ਮੋਹਾਲੀ ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਵੀ ਕਿਹਾ ਹੈ ਕਿ ਡੀਸੀ ਦੀ ਮਨਜ਼ੂਰੀ ਤੋਂ ਬਿਨਾਂ ਅਜਿਹਾ ਕੋਈ ਸਮਾਗਮ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਬਿਨਾਂ ਇਜਾਜ਼ਤ ਸਮਾਗਮ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਦੇ ਰੁਖ ਤੋਂ ਬਾਅਦ ਰਾਕੇਸ਼ ਤ੍ਰੇਹਨ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕੋਈ ਭੀੜ ਇਕੱਠੀ ਕਰਨਾ ਨਹੀਂ ਹੈ। ਉਨ੍ਹਾਂ ਮੁਤਾਬਕ ਆਈਫੋਨ ਦਾ ਡਰਾਅ ਮੀਡੀਆ ਦੀ ਮੌਜੂਦਗੀ ਵਿੱਚ ਕੱਢਿਆ ਜਾਵੇਗਾ ਤਾਂ ਜੋ ਪ੍ਰਕਿਰਿਆ ਪਾਰਦਰਸ਼ੀ ਰਹੇ।ਉਨ੍ਹਾਂ ਕਿਹਾ ਕਿ ਜਿਹੜੇ ਲੋਕ ਜੇਤੂ ਹੋਣਗੇ, ਉਨ੍ਹਾਂ ਨੂੰ ਮੋਬਾਈਲ ਉਨ੍ਹਾਂ ਦੇ ਘਰ ਜਾ ਕੇ ਦਿੱਤੇ ਜਾਣਗੇ। ਇਸ ਤਰ੍ਹਾਂ ਕਿਸੇ ਇੱਕ ਥਾਂ ’ਤੇ ਲੋਕਾਂ ਨੂੰ ਇਕੱਠਾ ਨਹੀਂ ਕੀਤਾ ਜਾਵੇਗਾ। ਰਾਕੇਸ਼ ਤ੍ਰੇਹਨ ਮੂਲ ਰੂਪ ਵਿੱਚ ਅੰਮ੍ਰਿਤਸਰ ਨਾਲ ਸਬੰਧਤ ਦੱਸੇ ਜਾਂਦੇ ਹਨ। ਸੋਸ਼ਲ ਮੀਡੀਆ ’ਤੇ ਉਹ ‘ਰਾਜਾ ਦੀ ਕਿੰਗ’ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ। ਉਨ੍ਹਾਂ ਦੇ ਪਿਤਾ ਕੱਪੜੇ ਦੇ ਕਾਰੋਬਾਰ ਨਾਲ ਜੁੜੇ ਹੋਏ ਸਨ, ਜਿਨ੍ਹਾਂ ਦਾ ਹੁਣ ਦੇਹਾਂਤ ਹੋ ਚੁੱਕਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH