
ਨੋਟਿਸ ਦੀ ਸੁਣਵਾਈ ਤੋਂ ਗੈਰਹਾਜ਼ਰ ਵੋਟਰਾਂ ਦੀਆਂ ਸੂਚੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੀਆਂ
ਕਪੂਰਥਲਾ, 23 ਸਤੰਬਰ (ਹਿੰ.ਸ.)| ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਕਪੂਰਥਲਾ ਜ਼ਿਲ੍ਹੇ ਵਿੱਚ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰਾਈ ਵਾਲੀ ਸੋਧ (ਐਸ.ਆਈ.ਆਰ.) ਦੀ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਐਸ.ਆਈ.ਆਰ. ਤਹਿਤ ਪ੍ਰਾਪਤ ਹੋਏ ਦਾਅਵਿਆਂ ਅਤੇ ਇਤਰਾਜ਼ਾਂ ਦੀ ਸਥਿਤੀ ਬਾਰੇ ਪਾਰਟੀ ਨੁਮਾਇੰਦਿਆਂ ਨੂੰ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ 13 ਅਗਸਤ ਤੋਂ 8 ਅਕਤੂਬਰ 2026 ਤੱਕ ਚੱਲ ਰਹੇ ਨੋਟਿਸ ਪੜਾਅ ਦੌਰਾਨ ਅਨਮੈਪਡ ਵੋਟਰਾਂ ਅਤੇ ਤਰਕਸੰਗਤ ਖਾਮੀਆਂ ਵਾਲੇ ਮਾਮਲਿਆਂ ਵਿੱਚ ਕੀਤੀ ਜਾ ਰਹੀ ਕਾਰਵਾਈ ਦੀ ਪ੍ਰਗਤੀ ਵੀ ਵਿਚਾਰੀ ਗਈ।
ਅਕਾਸ਼ ਬਾਂਸਲ ਨੇ ਉਨ੍ਹਾਂ ਵੋਟਰਾਂ ਦੀਆਂ ਸੂਚੀਆਂ ਵੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੀਆਂ, ਜੋ ਆਪਣੇ ਨੋਟਿਸਾਂ ਸਬੰਧੀ ਸੁਣਵਾਈ ਲਈ ਹਾਜ਼ਰ ਨਹੀਂ ਹੋਏ। ਪ੍ਰਸ਼ਾਸਨ ਵੱਲੋਂ ਇਨ੍ਹਾਂ ਸੂਚੀਆਂ ਨੂੰ ਆਮ ਲੋਕਾਂ ਦੀ ਜਾਣਕਾਰੀ ਲਈ ਜ਼ਿਲ੍ਹੇ ਦੀ ਅਧਿਕਾਰਤ ਵੈੱਬਸਾਈਟ ’ਤੇ ਵੀ ਉਪਲਬਧ ਕਰਵਾਇਆ ਗਿਆ ਹੈ। ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ ’ਤੇ ਐਸ.ਆਈ.ਆਰ.-2026 ਨਾਲ ਸਬੰਧਤ ਵੋਟਰ ਸੂਚੀਆਂ ਅਤੇ ਹੋਰ ਜਾਣਕਾਰੀ ਵੀ ਜਾਰੀ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਆਪਣੇ ਪਾਰਟੀ ਵਰਕਰਾਂ ਅਤੇ ਬੂਥ ਲੈਵਲ ਏਜੰਟਾਂ ਰਾਹੀਂ ਉਨ੍ਹਾਂ ਵੋਟਰਾਂ ਦੀ ਮਦਦ ਕਰਨ, ਜਿਨ੍ਹਾਂ ਨੂੰ ਅਨਮੈਪਡ ਜਾਂ ਤਰਕਸੰਗਤ ਖਾਮੀਆਂ ਵਾਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਅਤੇ ਜਿਨ੍ਹਾਂ ਵੱਲੋਂ ਹਾਲੇ ਤੱਕ ਲੋੜੀਂਦੇ ਦਸਤਾਵੇਜ਼ ਸਬੰਧਤ ਬੂਥ ਲੈਵਲ ਅਫ਼ਸਰ ਜਾਂ ਚੋਣ ਰਜਿਸਟ੍ਰੇਸ਼ਨ ਅਫ਼ਸਰ ਕੋਲ ਜਮ੍ਹਾਂ ਨਹੀਂ ਕਰਵਾਏ ਗਏ।
ਉਨ੍ਹਾਂ ਕਿਹਾ ਕਿ ਅਜਿਹੇ ਵੋਟਰਾਂ ਨੂੰ ਦਸਤਾਵੇਜ਼ ਜਮ੍ਹਾਂ ਕਰਵਾਉਣ ਵਿੱਚ ਹਰ ਸੰਭਵ ਸਹਾਇਤਾ ਦਿੱਤੀ ਜਾਵੇ ਅਤੇ ਲੋੜੀਂਦੇ ਦਸਤਾਵੇਜ਼ 30 ਸਤੰਬਰ 2026 ਤੱਕ ਸਬੰਧਤ ਬੀ.ਐਲ.ਓ. ਕੋਲ ਪਹੁੰਚਾਏ ਜਾਣ, ਤਾਂ ਜੋ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਰਧਾਰਤ ਸਮੇਂ ਅੰਦਰ ਨਿਪਟਾਰਾ ਕੀਤਾ ਜਾ ਸਕੇ। ਕਪੂਰਥਲਾ ਵਿੱਚ ਐਸ.ਆਈ.ਆਰ. ਦੀ ਪ੍ਰਕਿਰਿਆ ਦੌਰਾਨ ਪਹਿਲਾਂ ਵੀ ਵੋਟਰਾਂ ਨੂੰ ਆਪਣੇ ਵੇਰਵਿਆਂ ਦੀ ਜਾਂਚ ਅਤੇ ਲੋੜ ਪੈਣ ’ਤੇ ਸੋਧ ਕਰਵਾਉਣ ਦੀ ਅਪੀਲ ਕੀਤੀ ਗਈ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਰਾਂ ਨੂੰ ਐਸ.ਆਈ.ਆਰ. ਨਾਲ ਸਬੰਧਤ ਕਿਸੇ ਵੀ ਜਾਣਕਾਰੀ ਜਾਂ ਸਹਾਇਤਾ ਲਈ 1950 ਟੋਲ-ਫ੍ਰੀ ਵੋਟਰ ਹੈਲਪਲਾਈਨ ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ।
ਮੀਟਿੰਗ ਵਿੱਚ ਆਮ ਆਦਮੀ ਪਾਰਟੀ ਵੱਲੋਂ ਪਰਵਿੰਦਰ ਸਿੰਘ ਢੋਟ ਅਤੇ ਇੰਦਰਜੀਤ ਸਿੰਘ ਜੁਗਨੂੰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਦਲਵਿੰਦਰ ਸਿੰਘ, ਕਾਂਗਰਸ ਵੱਲੋਂ ਬਲਜੀਤ ਸਿੰਘ, ਬਹੁਜਨ ਸਮਾਜ ਪਾਰਟੀ ਵੱਲੋਂ ਜਸਵੰਤ ਸਿੰਘ, ਬਲਦੇਵ ਸਿੰਘ ਅਤੇ ਰਾਕੇਸ਼ ਕੁਮਾਰ, ਸੀਪੀਆਈ (ਐਮ) ਵੱਲੋਂ ਬਲਦੇਵ ਸਿੰਘ ਅਤੇ ਸੀਪੀਆਈ ਵੱਲੋਂ ਕੇ.ਐਲ. ਕੌਸ਼ਲ ਸਮੇਤ ਹੋਰ ਨੁਮਾਇੰਦੇ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH