ਅੰਮ੍ਰਿਤਸਰ ਵਿੱਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ, ਲੱਤ ’ਚ ਗੋਲੀ ਲੱਗਣ ਤੋਂ ਬਾਅਦ ਗ੍ਰਿਫ਼ਤਾਰ
ਮੱਤੇਵਾਲ ਨੇੜੇ ਸੂਏ ਦੇ ਕੰਢੇ ਹੋਈ ਮੁੱਠਭੇੜ; ਪੁਲਿਸ ਮੁਤਾਬਕ ਗੈਂਗਸਟਰ ਵੱਲੋਂ 4 ਤੋਂ 5 ਰਾਊਂਡ ਫਾਇਰ ਅੰਮ੍ਰਿਤਸਰ, 23 ਸਤੰਬਰ (ਹਿੰ.ਸ.)| ਅੰਮ੍ਰਿਤਸਰ ਵਿੱਚ ਬੁੱਧਵਾਰ ਨੂੰ ਪੁਲਿਸ ਅਤੇ ਇੱਕ ਗੈਂਗਸਟਰ ਵਿਚਾਲੇ ਮੁੱਠਭੇੜ ਹੋ ਗਈ। ਮੱਤੇਵਾਲ ਪਿੰਡ ਨੇੜੇ ਸੂਏ ਦੇ ਕੰਢੇ ਹੋਈ ਇਸ ਮੁੱਠਭੇੜ ਦੌਰਾਨ ਦੋਵਾਂ ਪਾਸਿਆ
ਘਟਨਾ ਸਥਾਨ ’ਤੇ ਤਫਤੀਸ਼ ਕਰਦੀ ਹੋਈ ਪੁਲਿਸ।


ਮੱਤੇਵਾਲ ਨੇੜੇ ਸੂਏ ਦੇ ਕੰਢੇ ਹੋਈ ਮੁੱਠਭੇੜ; ਪੁਲਿਸ ਮੁਤਾਬਕ ਗੈਂਗਸਟਰ ਵੱਲੋਂ 4 ਤੋਂ 5 ਰਾਊਂਡ ਫਾਇਰ

ਅੰਮ੍ਰਿਤਸਰ, 23 ਸਤੰਬਰ (ਹਿੰ.ਸ.)| ਅੰਮ੍ਰਿਤਸਰ ਵਿੱਚ ਬੁੱਧਵਾਰ ਨੂੰ ਪੁਲਿਸ ਅਤੇ ਇੱਕ ਗੈਂਗਸਟਰ ਵਿਚਾਲੇ ਮੁੱਠਭੇੜ ਹੋ ਗਈ। ਮੱਤੇਵਾਲ ਪਿੰਡ ਨੇੜੇ ਸੂਏ ਦੇ ਕੰਢੇ ਹੋਈ ਇਸ ਮੁੱਠਭੇੜ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਇਸ ਦੌਰਾਨ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗ ਗਈ। ਜ਼ਖ਼ਮੀ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਇਲਾਜ ਲਈ ਹਸਪਤਾਲ ਪਹੁੰਚਾਇਆ।

ਪੁਲਿਸ ਮੁਤਾਬਕ ਇਹ ਕਾਰਵਾਈ ਥਾਣਾ ਮੱਤੇਵਾਲ ਦੇ ਐਸਐਚਓ ਸਬ-ਇੰਸਪੈਕਟਰ ਦਲਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਪੁਲਿਸ ਅਨੁਸਾਰ ਮੁੱਠਭੇੜ ਦੌਰਾਨ ਗੈਂਗਸਟਰ ਵੱਲੋਂ ਕਰੀਬ 4 ਤੋਂ 5 ਰਾਊਂਡ ਫਾਇਰ ਕੀਤੇ ਗਏ।

ਪੁਲਿਸ ਨੇ ਮੁਲਜ਼ਮ ਦੀ ਪਛਾਣ ਹਰਮਨ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬੋਪਾਰਾਏ ਵਜੋਂ ਕੀਤੀ ਹੈ। ਪੁਲਿਸ ਮੁਤਾਬਕ ਹਰਮਨ ਸਿੰਘ ਪਿੰਡ ਬੋਪਾਰਾਏ ਵਿੱਚ ਇੱਕ ਵਿਅਕਤੀ ’ਤੇ ਗੋਲੀ ਚਲਾਉਣ ਦੇ ਮਾਮਲੇ ਸਮੇਤ ਕਈ ਹੋਰ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਪੁਲਿਸ ਹੁਣ ਮੁਲਜ਼ਮ ਖ਼ਿਲਾਫ਼ ਦਰਜ ਹੋਰ ਮਾਮਲਿਆਂ ਅਤੇ ਉਸ ਦੀਆਂ ਅਪਰਾਧਿਕ ਗਤੀਵਿਧੀਆਂ ਸਬੰਧੀ ਵੀ ਜਾਂਚ ਕਰ ਰਹੀ ਹੈ।

ਮੁੱਠਭੇੜ ਦੀ ਸੂਚਨਾ ਮਿਲਣ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਕੰਵਲਪ੍ਰੀਤ ਸਿੰਘ ਚਾਹਲ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਦੇ ਨਾਲ ਐਸਪੀ (ਡੀ) ਰਮਨਦੀਪ ਸਿੰਘ, ਡੀਐਸਪੀ (ਡੀ) ਗੁਰਿੰਦਰਪਾਲ ਸਿੰਘ ਨਾਗਰਾ, ਸੀਆਈਏ ਸਟਾਫ਼ ਦੇ ਇੰਚਾਰਜ ਅਜੈਪਾਲ ਸਿੰਘ ਅਤੇ ਥਾਣਾ ਮੱਤੇਵਾਲ ਦੇ ਐਸਐਚਓ ਦਲਜੀਤ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।

ਘਟਨਾ ਤੋਂ ਬਾਅਦ ਫੋਰੈਂਸਿਕ ਟੀਮ ਵੀ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਟੀਮ ਵੱਲੋਂ ਮੌਕੇ ਤੋਂ ਜ਼ਰੂਰੀ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਮੁੱਠਭੇੜ ਦੌਰਾਨ ਹੋਈ ਗੋਲੀਬਾਰੀ, ਮੁਲਜ਼ਮ ਵੱਲੋਂ ਵਰਤੇ ਗਏ ਹਥਿਆਰ ਅਤੇ ਘਟਨਾ ਨਾਲ ਜੁੜੇ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਜ਼ਖ਼ਮੀ ਹਰਮਨ ਸਿੰਘ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਪੁਲਿਸ ਵੱਲੋਂ ਮਾਮਲੇ ਵਿੱਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande