
ਸੁਨੀਲ ਦੱਤ ਦੀ ਭਤੀਜੀ ਮਮਤਾ ਦੱਤ ਸਮੇਤ ਸਮਾਜਿਕ ਕਾਰਕੁਨ ਤੇ ਵਕੀਲ ਦਵਿੰਦਰ ਰਾਜਪੂਤ ਜੇਡੀਯੂ ਵਿੱਚ ਸ਼ਾਮਲ
ਚੰਡੀਗੜ੍ਹ, 23 ਸਤੰਬਰ (ਹਿੰ.ਸ.)| ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜਨਤਾ ਦਲ (ਯੂਨਾਈਟਿਡ) ਦੀ ਪੰਜਾਬ ਇਕਾਈ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਸੂਬੇ ਨਾਲ ਸਬੰਧਤ ਕਈ ਸਿਆਸੀ ਅਤੇ ਸੰਗਠਨਾਤਮਕ ਫੈਸਲਿਆਂ ਦਾ ਐਲਾਨ ਕੀਤਾ। ਇਸ ਦੌਰਾਨ ਜੇਡੀਯੂ ਪੰਜਾਬ ਨੇ ਸ਼੍ਰੋਮਣੀ ਅਕਾਲੀ ਦਲ ਸ੍ਰੀ ਆਨੰਦਪੁਰ ਸਾਹਿਬ ਨਾਲ ਰਸਮੀ ਗਠਜੋੜ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਮਰਹੂਮ ਅਦਾਕਾਰ ਅਤੇ ਸਿਆਸਤਦਾਨ ਸੁਨੀਲ ਦੱਤ ਦੀ ਭਤੀਜੀ ਮਮਤਾ ਦੱਤ ਨੇ ਵੀ ਜੇਡੀਯੂ ਪੰਜਾਬ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੇਡੀਯੂ ਪੰਜਾਬ ਦੇ ਸੂਬਾ ਪ੍ਰਧਾਨ ਮਲਵਿੰਦਰ ਸਿੰਘ ਬੈਨੀਪਾਲ, ਸ਼੍ਰੋਮਣੀ ਅਕਾਲੀ ਦਲ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਦਵਿੰਦਰ ਸਿੰਘ ਅਤੇ ਜਨਰਲ ਸਕੱਤਰ ਗੁਰਦਰਸ਼ਨ ਨੇ ਕਿਹਾ ਕਿ ਦੋਵਾਂ ਪਾਰਟੀਆਂ ਦਾ ਗਠਜੋੜ ਇਕੋ ਜਿਹੀ ਸੋਚ ਰੱਖਣ ਵਾਲੀਆਂ ਸਿਆਸੀ ਤਾਕਤਾਂ ਨੂੰ ਇੱਕ ਮੰਚ ’ਤੇ ਲਿਆਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਪੰਜਾਬ ਨਾਲ ਜੁੜੇ ਮੁੱਦਿਆਂ ਨੂੰ ਉਠਾਉਣ ਅਤੇ ਆਪਣੇ ਸੰਗਠਨਾਂ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨਗੀਆਂ।
ਜੇਡੀਯੂ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਪਾਰਟੀ ਫਿਲਹਾਲ ਸੂਬੇ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਮੁਤਾਬਕ ਪਾਰਟੀ ਦੀਆਂ ਸਰਗਰਮੀਆਂ ਮਾਝਾ, ਦੋਆਬਾ, ਲੁਧਿਆਣਾ, ਜੀਟੀ ਰੋਡ ਅਤੇ ਰਾਜਪੁਰਾ-ਪਟਿਆਲਾ ਖੇਤਰ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ’ਤੇ ਕੇਂਦਰਿਤ ਰਹਿਣਗੀਆਂ।
ਪਾਰਟੀ ਲੀਡਰਸ਼ਿਪ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੰਗਠਨਾਤਮਕ ਯੋਜਨਾ ਵੀ ਸਾਂਝੀ ਕੀਤੀ ਗਈ। ਇਸ ਤਹਿਤ ਸੂਬਾ ਅਤੇ ਜ਼ਿਲ੍ਹਾ ਪੱਧਰ ਦੀਆਂ ਟੀਮਾਂ ਵੱਲੋਂ ਪੰਜਾਬ ਭਰ ਵਿੱਚ ਜਨ ਸੰਪਰਕ ਮੁਹਿੰਮਾਂ ਅਤੇ ਪਾਰਟੀ ਨਾਲ ਸਬੰਧਤ ਗਤੀਵਿਧੀਆਂ ਚਲਾਉਣ ਦੀ ਗੱਲ ਕਹੀ ਗਈ।
ਮਮਤਾ ਦੱਤ ਨੇ ਜੇਡੀਯੂ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਕਿ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਈ ਸਰਗਰਮ ਭਾਗੀਦਾਰੀ ਅਤੇ ਲੋਕ ਸੇਵਾ ਜ਼ਰੂਰੀ ਹੈ। ਉਹ ਪਿਛਲੇ ਕਰੀਬ ਇੱਕ ਦਹਾਕੇ ਤੋਂ ਪਸ਼ੂ ਭਲਾਈ ਦੇ ਖੇਤਰ ਵਿੱਚ ਕੰਮ ਕਰ ਰਹੀ ਹਨ ਅਤੇ ਦੱਤ ਫਾਊਂਡੇਸ਼ਨ ਫਾਰ ਸੋਸ਼ਲ ਵੈਲਫੇਅਰ ਦੀ ਸੰਸਥਾਪਕ ਹਨ।
ਉਨ੍ਹਾਂ ਕਿਹਾ ਕਿ ਸਮਾਜਿਕ ਭਲਾਈ ਦੇ ਖੇਤਰ ਵਿੱਚ ਕੰਮ ਕਰਦਿਆਂ ਉਨ੍ਹਾਂ ਨੂੰ ਹਮਦਰਦੀ ਅਤੇ ਜ਼ਿੰਮੇਵਾਰੀ ਦੀ ਮਹੱਤਤਾ ਦਾ ਅਨੁਭਵ ਹੋਇਆ ਹੈ। ਜੇਡੀਯੂ ਨਾਲ ਜੁੜ ਕੇ ਉਹ ਇਨ੍ਹਾਂ ਕਦਰਾਂ-ਕੀਮਤਾਂ ਨੂੰ ਜਨਤਕ ਜੀਵਨ ਵਿੱਚ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨਗੇ।
ਇਸ ਮੌਕੇ ਪਟਿਆਲਾ ਖੇਤਰ ਵਿੱਚ ਸਮਾਜਿਕ ਸਰਗਰਮੀਆਂ ਨਾਲ ਜੁੜੇ ਵਕੀਲ ਦਵਿੰਦਰ ਰਾਜਪੂਤ ਨੇ ਵੀ ਜੇਡੀਯੂ ਵਿੱਚ ਸ਼ਮੂਲੀਅਤ ਕੀਤੀ। ਉਹ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਆਜ਼ਾਦ ਉਮੀਦਵਾਰ ਵਜੋਂ ਲੜ ਚੁੱਕੇ ਹਨ।
ਇਸ ਮੌਕੇ ਜੇਡੀਯੂ ਪੰਜਾਬ ਦੇ ਜਨਰਲ ਸਕੱਤਰ (ਸੰਗਠਨ) ਸੰਜੀਵ ਕੁਮਾਰ, ਰਾਹੁਲ ਘਈ, ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਯੂਥ) ਗੁਰਪਾਲ ਸਿੰਘ ਹੁੰਦਲ, ਜਨਰਲ ਸਕੱਤਰ ਰਾਜਨਦੀਪ ਸਿੰਘ ਮੱਕੜ, ਸਕੱਤਰ ਜਨਰਲ ਇੰਦਰਜੀਤ ਸਿੰਘ ਆਹਲੂਵਾਲੀਆ, ਜਸਪਾਲ ਸਿੰਘ ‘ਟਾਈਗਰ’, ਸਕੱਤਰ ਸੰਜੀਵ ਚੋਪੜਾ ਅਤੇ ਸ਼੍ਰੋਮਣੀ ਅਕਾਲੀ ਦਲ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਦੀਦਾਰ ਸਿੰਘ ਸਹੌੜਾ ਸਮੇਤ ਹੋਰ ਅਹੁਦੇਦਾਰ ਅਤੇ ਆਗੂ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH