ਭਾਸ਼ਾ ਵਿਭਾਗ ਪੰਜਾਬ ਵੱਲੋਂ ਰਾਜ ਪੱਧਰੀ ਕਵੀ ਦਰਬਾਰ ਕਰਵਾਇਆ
ਪੰਜਾਬੀ ਕਵਿਤਾ ਦੀਆਂ ਵੱਖ-ਵੱਖ ਵੰਨਗੀਆਂ ਨੇ ਸਰੋਤਿਆਂ ਨੂੰ ਕੀਤਾ ਮੰਤਰਮੁਗਧ ਫ਼ਰੀਦਕੋਟ, 24 ਸਤੰਬਰ (ਹਿੰ.ਸ.)| ਬਾਬਾ ਸ਼ੇਖ਼ ਫ਼ਰੀਦ ਦੇ ਆਗਮਨ ਪੁਰਬ ਮੌਕੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਜਾ ਰਹੇ ਰਾਜ ਪੱਧਰੀ ਬਾਬਾ ਫ਼ਰੀਦ ਸਾਹਿਤ ਉਤਸਵ ਦੇ ਚੌਥੇ ਦਿਨ ਦੇਸ਼ ਭਗਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦ
ਕਵੀ ਦਰਬਾਰ ਦੌਰਾਨ ਸੰਬੋਧਨ ਕਰਦੇ ਹੋਏ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ


ਪੰਜਾਬੀ ਕਵਿਤਾ ਦੀਆਂ ਵੱਖ-ਵੱਖ ਵੰਨਗੀਆਂ ਨੇ ਸਰੋਤਿਆਂ ਨੂੰ ਕੀਤਾ ਮੰਤਰਮੁਗਧ

ਫ਼ਰੀਦਕੋਟ, 24 ਸਤੰਬਰ (ਹਿੰ.ਸ.)| ਬਾਬਾ ਸ਼ੇਖ਼ ਫ਼ਰੀਦ ਦੇ ਆਗਮਨ ਪੁਰਬ ਮੌਕੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਜਾ ਰਹੇ ਰਾਜ ਪੱਧਰੀ ਬਾਬਾ ਫ਼ਰੀਦ ਸਾਹਿਤ ਉਤਸਵ ਦੇ ਚੌਥੇ ਦਿਨ ਦੇਸ਼ ਭਗਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਦੇ ਹਾਲ ਵਿੱਚ ਰਾਜ ਪੱਧਰੀ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਕਵੀਆਂ ਨੇ ਕਵਿਤਾ ਦੀਆਂ ਵੱਖ-ਵੱਖ ਵੰਨਗੀਆਂ ਦੀਆਂ ਰਚਨਾਵਾਂ ਪੇਸ਼ ਕਰਕੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ।

ਕਵੀ ਦਰਬਾਰ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕੀਤੀ, ਜਦਕਿ ਸ਼ਾਇਰ ਤੇ ਸੰਗੀਤਕਾਰ ਪ੍ਰਿੰ. ਰਾਜੇਸ਼ ਮੋਹਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ ਨੇ ਆਏ ਮਹਿਮਾਨਾਂ ਅਤੇ ਸਾਹਿਤ ਪ੍ਰੇਮੀਆਂ ਦਾ ਸਵਾਗਤ ਕੀਤਾ। ਵੱਡੀ ਗਿਣਤੀ ਵਿੱਚ ਸਾਹਿਤ ਰਸੀਕਾਂ ਨੇ ਕਵੀ ਦਰਬਾਰ ਦਾ ਆਨੰਦ ਮਾਣਿਆ। ਇਸ ਦੇ ਨਾਲ ਹੀ ਸਾਹਿਤਕ ਸਮਾਗਮ ਦੇ ਸਮਾਂਤਰ ਲੱਗੇ ਪੁਸਤਕ ਮੇਲੇ ਵਿੱਚ ਵੀ ਸਾਹਿਤ ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਰਹੀ।

ਕਵੀ ਦਰਬਾਰ ਦੀ ਸ਼ੁਰੂਆਤ ਲੁਧਿਆਣਾ ਤੋਂ ਆਏ ਸ਼ਾਇਰ ਤ੍ਰੈਲੋਚਨ ਲੋਚੀ ਨੇ ਆਪਣੀ ਰਚਨਾ ਨਾਲ ਕੀਤੀ। ਇਸ ਤੋਂ ਬਾਅਦ ਸਿਮਰਨ ਅਕਸ, ਨਵਾਂ ਸ਼ਹਿਰ ਤੋਂ ਸੁਨੀਲ ਚੰਦਿਆਣਵੀ, ਡਾ. ਦੇਵਿੰਦਰ ਸੈਫ਼ੀ, ਸਮਾਣਾ ਤੋਂ ਬਲਕਾਰ ਔਲਖ ਅਤੇ ਭੁਪਿੰਦਰ ਕੌਰ ਪ੍ਰੀਤ ਨੇ ਆਪਣੀਆਂ ਰਚਨਾਵਾਂ ਰਾਹੀਂ ਸਰੋਤਿਆਂ ਦੀ ਵਾਹ-ਵਾਹ ਖੱਟੀ।

ਮੋਗਾ ਤੋਂ ਆਏ ਡਾ. ਅਜੀਤਪਾਲ ਜਟਾਣਾ ਨੇ ਆਪਣੀ ਰਚਨਾ ਤਰੰਨੁਮ ਵਿੱਚ ਪੇਸ਼ ਕਰਕੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ। ਬਠਿੰਡਾ ਤੋਂ ਆਈ ਸ਼ਾਇਰਾ ਨੀਤੂ ਨੇ ਆਪਣੀ ਕਵਿਤਾ ਰਾਹੀਂ ਮਿਹਨਤਕਸ਼ ਲੋਕਾਂ ਅਤੇ ਮਾਵਾਂ ਦੀਆਂ ਭਾਵਨਾਵਾਂ ਨੂੰ ਉਜਾਗਰ ਕੀਤਾ। ਜੰਮੂ ਤੋਂ ਆਏ ਸਵਾਮੀ ਅੰਤਰ ਨੀਰਵ ਨੇ ਪ੍ਰਭਾਵਸ਼ਾਲੀ ਮੰਚ ਸੰਚਾਲਨ ਦੇ ਨਾਲ ਭਾਈ ਜੈਤਾ ਜੀ ਨੂੰ ਸਮਰਪਿਤ ਨਜ਼ਮ ਪੇਸ਼ ਕਰਕੇ ਸਮਾਗਮ ਨੂੰ ਅਧਿਆਤਮਕ ਰੰਗਤ ਦਿੱਤੀ।

ਨਾਭਾ ਤੋਂ ਆਏ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਆਪਣੀ ਨਜ਼ਮ ਰਾਹੀਂ ਅਜੋਕੇ ਸਮਾਜਿਕ ਤਾਣੇ-ਬਾਣੇ ’ਤੇ ਗੰਭੀਰ ਕਟਾਕਸ਼ ਕੀਤਾ। ਮੁੱਖ ਮਹਿਮਾਨ ਪ੍ਰਿੰ. ਰਾਜੇਸ਼ ਮੋਹਨ ਨੇ ਗਜ਼ਲ ਤਰੰਨੁਮ ਵਿੱਚ ਪੇਸ਼ ਕਰਕੇ ਸਰੋਤਿਆਂ ਨੂੰ ਮੋਹ ਲਿਆ। ਗਜ਼ਲਗੋ ਗੁਰਤੇਜ ਕੋਹਾਰਵਾਲਾ ਨੇ ਮੁਹੱਬਤ ਅਤੇ ਦਿਲੀ ਜਜ਼ਬਾਤਾਂ ਨਾਲ ਜੁੜੀਆਂ ਰਚਨਾਵਾਂ ਪੇਸ਼ ਕੀਤੀਆਂ, ਜਦਕਿ ਉੱਘੇ ਗਜ਼ਲਗੋ ਵਿਜੇ ਵਿਵੇਕ ਨੇ ਆਪਣੀਆਂ ਬਹੁਰੰਗੀਆਂ ਗਜ਼ਲਾਂ ਅਤੇ ਸ਼ੇਅਰਾਂ ਰਾਹੀਂ ਗੂੜ੍ਹੀ ਛਾਪ ਛੱਡੀ।

ਸਮਾਗਮ ਦੇ ਅਖ਼ੀਰ ਵਿੱਚ ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਕਵੀ ਦਰਬਾਰ ਵਿੱਚ ਪੇਸ਼ ਕੀਤੀਆਂ ਪੰਜਾਬੀ ਕਵਿਤਾ ਦੀਆਂ ਵੱਖ-ਵੱਖ ਵੰਨਗੀਆਂ ਦੀ ਸ਼ਲਾਘਾ ਕੀਤੀ ਅਤੇ ਸਮੂਹ ਕਵੀਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਆਪਣੀਆਂ ਦੋ ਰਚਨਾਵਾਂ ‘ਪੱਥਰ ਯੁੱਗ ਤੋਂ ਹਵਾ ਯੁੱਗ ਤੱਕ’ ਅਤੇ ‘ਸਮਾਨਤਾ-ਅਸਮਾਨਤਾ’ ਪੇਸ਼ ਕਰਦਿਆਂ ਸਮਾਜਿਕ ਤੇ ਰਾਜਨੀਤਿਕ ਢਾਂਚੇ ’ਤੇ ਗੰਭੀਰ ਕਟਾਕਸ਼ ਕੀਤਾ।

ਇਸ ਮੌਕੇ ਕਹਾਣੀਕਾਰ ਗੁਰਮੀਤ ਕੜਿਆਲਵੀ, ਵਿਕਰਮ ਸ਼ਰਮਾ, ਲੈਕਚਰਾਰ ਸੁਖਜਿੰਦਰ ਸੁੱਖੀ ਬਰਾੜ, ਖੋਜ ਅਫ਼ਸਰ ਕੰਵਰਜੀਤ ਸਿੰਘ ਸਿੱਧੂ, ਅੰਕੁਸ਼ ਕੁਮਾਰ, ਨਵਦੀਪ ਸਿੰਘ ਰਿੱਕੀ, ਅੰਤਰਰਾਸ਼ਟਰੀ ਭੰਗੜਾ ਕੋਚ ਗੁਰਚਰਨ ਸਿੰਘ, ਬਲਤੇਜ ਸਿੰਘ ਤੇਜੀ ਜੌੜਾ, ਅਵਤਾਰ ਸਿੰਘ ਔਲਖ, ਸਤਵਿੰਦਰ ਸਿੰਘ, ਜਸਵਿੰਦਰਪਾਲ ਸਿੰਘ ਮਿੰਟੂ, ਪ੍ਰੋ. ਰਣਜੀਤ ਸਿੰਘ ਬਾਜਵਾ, ਪ੍ਰੋ. ਬੀਰ ਇੰਦਰ ਸਰਾਂ, ਪ੍ਰੋ. ਸੰਦੀਪ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ। ਭਾਸ਼ਾ ਵਿਭਾਗ ਪੰਜਾਬ ਵੱਲੋਂ ਇਹ ਸਮਾਗਮ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ, ਆਲਮੀ ਪੰਜਾਬੀ ਅਦਬ ਫਾਊਂਡੇਸ਼ਨ, ਦੇਸ਼ ਭਗਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਅਤੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande