
ਚੰਡੀਗੜ੍ਹ, 03 ਸਤੰਬਰ (ਹਿੰ.ਸ.)| ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਭਾਰਤ ਦੀ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਜ਼ਬੂਤ ਅਤੇ ਦੂਰਦਰਸ਼ੀ ਅਗਵਾਈ ਦਾ ਨਤੀਜਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦੁਨੀਆ ਦੇ ਕਈ ਦੇਸ਼ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਉਸ ਸਮੇਂ ਭਾਰਤ ਲਗਾਤਾਰ ਤੇਜ਼ ਆਰਥਿਕ ਵਿਕਾਸ ਦੀ ਰਾਹ ’ਤੇ ਅੱਗੇ ਵੱਧ ਰਿਹਾ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪਹਿਲੀ ਤਿਮਾਹੀ ਵਿੱਚ ਭਾਰਤ ਦੀ ਜੀਡੀਪੀ ਵਿਕਾਸ ਦਰ 7.8 ਫ਼ੀਸਦੀ ਰਹਿਣਾ ਦੇਸ਼ ਦੀ ਮਜ਼ਬੂਤ ਅਤੇ ਗਤੀਸ਼ੀਲ ਅਰਥਵਿਵਸਥਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਪ੍ਰਮੁੱਖ ਵਿਸ਼ਵ ਅਰਥਵਿਵਸਥਾਵਾਂ ਦੇ ਮੁਕਾਬਲੇ ਭਾਰਤ ਦੀ ਇਹ ਵਿਕਾਸ ਦਰ ਦਰਸਾਉਂਦੀ ਹੈ ਕਿ ਦੇਸ਼ ਵਿਸ਼ਵ ਆਰਥਿਕ ਵਿਕਾਸ ਦੇ ਮੁੱਖ ਇੰਜਣਾਂ ਵਿੱਚੋਂ ਇੱਕ ਬਣ ਰਿਹਾ ਹੈ। ਉਨ੍ਹਾਂ ਮੁਤਾਬਕ ਆਈਟੀ ਅਤੇ ਵਿੱਤੀ ਖੇਤਰ ਵਿੱਚ 12.1 ਫ਼ੀਸਦੀ, ਮੈਨੂਫੈਕਚਰਿੰਗ ਵਿੱਚ 9.2 ਫ਼ੀਸਦੀ ਅਤੇ ਨਿਵੇਸ਼ ਤੇ ਬੁਨਿਆਦੀ ਢਾਂਚੇ ਵਿੱਚ 11.9 ਫ਼ੀਸਦੀ ਦਾ ਵਾਧਾ ਸਰਕਾਰ ਦੀਆਂ ਉਦਯੋਗ, ਨਿਵੇਸ਼ ਅਤੇ ਇਨਫਰਾਸਟ੍ਰਕਚਰ ਨੂੰ ਉਤਸ਼ਾਹਿਤ ਕਰਨ ਵਾਲੀਆਂ ਨੀਤੀਆਂ ਦੀ ਸਫਲਤਾ ਨੂੰ ਦਰਸਾਉਂਦਾ ਹੈ।
ਭਾਜਪਾ ਆਗੂ ਨੇ ਕਿਹਾ ਕਿ ਘਰੇਲੂ ਖਪਤ ਵਿੱਚ 7.1 ਫ਼ੀਸਦੀ ਅਤੇ ਨਿਰਯਾਤ ਵਿੱਚ 12 ਫ਼ੀਸਦੀ ਦਾ ਵਾਧਾ ਭਾਰਤ ਦੀ ਅੰਦਰੂਨੀ ਆਰਥਿਕ ਤਾਕਤ ਅਤੇ ਵਿਸ਼ਵ ਬਾਜ਼ਾਰ ਵਿੱਚ ਦੇਸ਼ ਦੀ ਵਧ ਰਹੀ ਭੂਮਿਕਾ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ‘ਵਿਕਸਤ ਭਾਰਤ 2047’ ਦੇ ਟੀਚੇ ਵੱਲ ਦੇਸ਼ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਮਜ਼ਬੂਤ ਅਰਥਵਿਵਸਥਾ, ਆਧੁਨਿਕ ਬੁਨਿਆਦੀ ਢਾਂਚਾ, ਵਧਦਾ ਉਦਯੋਗਿਕ ਉਤਪਾਦਨ, ਡਿਜੀਟਲ ਕ੍ਰਾਂਤੀ ਅਤੇ ਨੌਜਵਾਨਾਂ ਲਈ ਵਧ ਰਹੇ ਮੌਕੇ ਇਸ ਵਿਕਾਸ ਯਾਤਰਾ ਦੇ ਅਹਿਮ ਆਧਾਰ ਹਨ।
ਕੇਵਲ ਸਿੰਘ ਢਿੱਲੋਂ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੀ ਅਗਵਾਈ ਹੇਠ ਭਾਰਤ ਦਾ ਆਤਮਵਿਸ਼ਵਾਸ ਅਤੇ ਵਿਸ਼ਵ ਪੱਧਰ ’ਤੇ ਪ੍ਰਭਾਵ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸਹੀ ਨੀਤੀਆਂ, ਮਜ਼ਬੂਤ ਲੀਡਰਸ਼ਿਪ ਅਤੇ ਲੋਕਾਂ ਦੀ ਭਾਗੀਦਾਰੀ ਨਾਲ ਭਾਰਤ 2047 ਤੱਕ ਇੱਕ ਪੂਰੀ ਤਰ੍ਹਾਂ ਵਿਕਸਤ ਅਤੇ ਆਤਮਨਿਰਭਰ ਰਾਸ਼ਟਰ ਬਣਨ ਦਾ ਟੀਚਾ ਹਾਸਲ ਕਰ ਸਕਦਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH