
ਪਟਿਆਲਾ, 03 ਸਤੰਬਰ (ਹਿੰ.ਸ.)| ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਬਲਤੇਜ ਸਿੰਘ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਦਾ ਜਵਾਬ ਦਿੰਦਿਆਂ ਤਿੱਖਾ ਹਮਲਾ ਕੀਤਾ। ਪੰਨੂ ਨੇ ਮਜੀਠੀਆ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਦੂਜਿਆਂ ’ਤੇ ਸਵਾਲ ਚੁੱਕਣ ਤੋਂ ਪਹਿਲਾਂ ਉਨ੍ਹਾਂ ਨੂੰ ਖੁਦ ਆਪਣੀ ਜਾਇਦਾਦ ਬਾਰੇ ਜਨਤਾ ਨੂੰ ਜਵਾਬ ਦੇਣਾ ਚਾਹੀਦਾ ਹੈ।
ਬਲਤੇਜ ਪੰਨੂ ਨੇ ਕਿਹਾ ਕਿ ਜਿਸ ਵਿਅਕਤੀ ਕੋਲ ਕਦੇ ਇੱਕ ਹਰੇ ਰੰਗ ਦੀ ਕੁਆਲਿਸ ਗੱਡੀ ਹੋਣ ਦੀ ਗੱਲ ਕੀਤੀ ਜਾਂਦੀ ਸੀ, ਉਸ ਕੋਲ ਅੱਜ ਇੰਨੀ ਜਾਇਦਾਦ ਕਿੱਥੋਂ ਅਤੇ ਕਿਵੇਂ ਆਈ, ਇਸ ਬਾਰੇ ਵੀ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਅਕਾਲੀ ਦਲ ਦੇ ਆਗੂਆਂ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਪੰਜਾਬ ਨੂੰ ਕਰਜ਼ੇ ਦੇ ਬੋਝ ਹੇਠ ਧੱਕਿਆ ਅਤੇ ਆਪਣੇ ਨਿੱਜੀ ਕਰਜ਼ੇ ਉਤਾਰਨ ਦੀ ਕੋਸ਼ਿਸ਼ ਕੀਤੀ।
ਮਜੀਠੀਆ ਵੱਲੋਂ ਸੋਸ਼ਲ ਮੀਡੀਆ ਅਤੇ ਮੀਡੀਆ ਵਿੱਚ ਦਿਖਾਈਆਂ ਜਾ ਰਹੀਆਂ ਤਸਵੀਰਾਂ ’ਤੇ ਟਿੱਪਣੀ ਕਰਦਿਆਂ ਪੰਨੂ ਨੇ ਦਾਅਵਾ ਕੀਤਾ ਕਿ ਤਸਵੀਰਾਂ ਵਿੱਚ ਨਜ਼ਰ ਆਉਣ ਵਾਲੇ ਕੁਝ ਵਿਅਕਤੀ ਭਾਜਪਾ ਆਗੂਆਂ ਦੇ ਵੀ ਨੇੜਲੇ ਸੰਪਰਕ ਵਿੱਚ ਹਨ। ਉਨ੍ਹਾਂ ਦੋਸ਼ ਲਾਇਆ ਕਿ ਮਜੀਠੀਆ ਭਾਜਪਾ ਦੇ ਇਸ਼ਾਰੇ ’ਤੇ ਸਿਆਸੀ ਚਾਲਾਂ ਚੱਲ ਰਹੇ ਹਨ।
ਪੰਨੂ ਨੇ ਮਜੀਠੀਆ ਤੋਂ ਪਿੰਦੇ ਅਤੇ ਸੱਤੇ ਨਾਲ ਉਨ੍ਹਾਂ ਦੇ ਕਥਿਤ ਸਬੰਧਾਂ ਬਾਰੇ ਵੀ ਸਪੱਸ਼ਟੀਕਰਨ ਮੰਗਿਆ। ਉਨ੍ਹਾਂ ਕਿਹਾ ਕਿ ਪਿੰਦੇ ਨੂੰ ਐਫ.ਬੀ.ਆਈ. ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆ ਚੁੱਕੀ ਹੈ।
ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਮਜੀਠੀਆ ਖ਼ਿਲਾਫ਼ ਈ.ਡੀ. ਅਤੇ ਐਨ.ਡੀ.ਪੀ.ਐਸ. ਨਾਲ ਸਬੰਧਤ ਮਾਮਲੇ ਦਰਜ ਹਨ ਅਤੇ ਅਜਿਹੀ ਸਥਿਤੀ ਵਿੱਚ ਉਨ੍ਹਾਂ ਵੱਲੋਂ ਦੂਜਿਆਂ ’ਤੇ ਦੋਸ਼ ਲਗਾਉਣਾ ਉਚਿਤ ਨਹੀਂ। ਪੰਨੂ ਨੇ ਕਿਹਾ ਕਿ ਮਜੀਠੀਆ ਝੂਠੇ ਦੋਸ਼ ਲਗਾ ਕੇ ਆਪਣੀ ਸਿਆਸੀ ਹੋਂਦ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਮੌਕੇ ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ, ਓਐਸਡੀ ਗੁਰਵਿੰਦਰ ਸਿੰਘ, ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ, ਸਿਮਰਨ ਗਰੇਵਾਲ ਸਮੇਤ ਹੋਰ ਆਗੂ ਵੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH