
ਹੁਸ਼ਿਆਰਪੁਰ, 03 ਸਤੰਬਰ (ਹਿੰ.ਸ.)। ਰਾਸ਼ਟਰੀ ਪੋਸ਼ਣ ਹਫ਼ਤਾ ਹਰ ਸਾਲ 01 ਤੋਂ 07 ਸਤੰਬਰ ਤੱਕ ਮਨਾਇਆ ਜਾਂਦਾ ਹੈ, ਜਿਸ ਦਾ ਉਦੇਸ਼ ਲੋਕਾਂ ਨੂੰ ਸੰਤੁਲਿਤ ਖੁਰਾਕ, ਸਹੀ ਪੋਸ਼ਣ ਅਤੇ ਸਿਹਤਮੰਦ ਜੀਵਨ ਸ਼ੈਲੀ ਪ੍ਰਤੀ ਜਾਗਰੂਕ ਕਰਨਾ ਹੈ। ਇਸ ਤਹਿਤ ਸਿਹਤ ਵਿਭਾਗ ਵੱਲੋਂ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨੇਹਾ ਪਾਲ ਦੀ ਅਗਵਾਈ ਹੇਠ “ਹਰ ਕਿਸੇ ਲਈ ਪੌਸ਼ਟਿਕ ਆਹਾਰ ਜ਼ਰੂਰੀ” ਥੀਮ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਬੱਚਿਆਂ ਦੇ ਮਾਹਿਰ ਡਾ. ਹਰਨੂਰਜੀਤ ਕੌਰ, ਡਾ. ਸੁਪ੍ਰੀਤ ਕੌਰ, ਡਾ. ਰਣਵੀਰ ਕੌਰ, ਔਰਤ ਰੋਗਾਂ ਦੇ ਮਾਹਰ ਡਾ. ਮੰਜਰੀ ਅਰੋੜਾ, ਡਾ. ਪਰਵਾਜ ਅਤੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਏ.ਐਨ.ਐਮ. ਹਰਨਿੰਦਰ ਕੌਰ ਅਤੇ ਮਨੀਸ਼ਾ ਸਮੇਤ ਸਿਹਤ ਵਿਭਾਗ ਦਾ ਸਟਾਫ਼ ਹਾਜ਼ਰ ਸੀ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਕਿਹਾ ਕਿ ਬੱਚਿਆਂ ਦੇ ਸਿਹਤਮੰਦ ਵਿਕਾਸ ਲਈ ਪੌਸ਼ਟਿਕ ਖੁਰਾਕ ਦੇ ਨਾਲ ਸਮੇਂ ਸਿਰ ਟੀਕਾਕਰਨ ਵੀ ਜ਼ਰੂਰੀ ਹੈ। ਮਾਪਿਆਂ ਨੂੰ ਬੱਚਿਆਂ ਦੇ ਸਾਰੇ ਟੀਕੇ ਨਿਰਧਾਰਤ ਸਮੇਂ ਅਨੁਸਾਰ ਲਗਵਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਨਮ ਤੋਂ ਬਾਅਦ ਮਾਂ ਦਾ ਦੁੱਧ ਬੱਚੇ ਲਈ ਸਭ ਤੋਂ ਉੱਤਮ ਆਹਾਰ ਹੈ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਨੇ ਕਿਹਾ ਕਿ ਮਾਂ ਅਤੇ ਬੱਚੇ ਦੀ ਸਿਹਤ ਲਈ ਗਰਭ ਅਵਸਥਾ ਤੋਂ ਹੀ ਪੋਸ਼ਣ ਵੱਲ ਧਿਆਨ ਦੇਣਾ ਲਾਜ਼ਮੀ ਹੈ। ਗਰਭਵਤੀ ਮਹਿਲਾਵਾਂ ਨੂੰ ਸੰਤੁਲਿਤ ਖੁਰਾਕ ਦੇ ਨਾਲ ਸਿਹਤ ਵਿਭਾਗ ਦੀ ਸਲਾਹ ਅਨੁਸਾਰ ਆਇਰਨ, ਕੈਲਸ਼ੀਅਮ ਅਤੇ ਫੋਲਿਕ ਐਸਿਡ ਦੀਆਂ ਗੋਲੀਆਂ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਪਰਿਵਾਰਾਂ ਨੂੰ ਪੋਸ਼ਣ ਸਬੰਧੀ ਵਹਿਮਾਂ-ਭਰਮਾਂ ਤੋਂ ਦੂਰ ਰਹਿ ਕੇ ਵਿਗਿਆਨਕ ਜਾਣਕਾਰੀ ਅਪਣਾਉਣ ਦੀ ਅਪੀਲ ਕੀਤੀ।
ਬੱਚਿਆਂ ਦੇ ਮਾਹਿਰ ਡਾ. ਹਰਨੂਰਜੀਤ ਕੌਰ ਨੇ ਕਿਹਾ ਕਿ ਜਨਮ ਤੋਂ ਛੇ ਮਹੀਨੇ ਤੱਕ ਬੱਚੇ ਲਈ ਮਾਂ ਦਾ ਦੁੱਧ ਹੀ ਸੰਪੂਰਨ ਆਹਾਰ ਹੈ। ਇਸ ਲਈ ਮਾਵਾਂ ਨੂੰ ਪਹਿਲੇ ਛੇ ਮਹੀਨਿਆਂ ਤੱਕ ਬੱਚੇ ਨੂੰ ਕੇਵਲ ਆਪਣਾ ਦੁੱਧ ਪਿਲਾਉਣਾ ਚਾਹੀਦਾ ਹੈ ਅਤੇ ਛੇ ਮਹੀਨੇ ਬਾਅਦ ਮਾਂ ਦੇ ਦੁੱਧ ਦੇ ਨਾਲ ਉਮਰ ਅਨੁਸਾਰ ਪੂਰਕ ਖੁਰਾਕ ਸ਼ੁਰੂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਪੋਸ਼ਣ ਅਭਿਆਨ ਦਾ ਉਦੇਸ਼ ਬੱਚਿਆਂ ਵਿੱਚ ਕੁਪੋਸ਼ਣ ਅਤੇ ਅਨੀਮੀਆ ਦੀ ਰੋਕਥਾਮ, ਘੱਟ ਭਾਰ ਵਾਲੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਅਤੇ ਮਹਿਲਾਵਾਂ ਵਿੱਚ ਅਨੀਮੀਆ ਨੂੰ ਕੰਟਰੋਲ ਕਰਨਾ ਹੈ।
ਔਰਤ ਰੋਗਾਂ ਦੇ ਮਾਹਿਰ ਡਾ. ਮੰਜਰੀ ਅਰੋੜਾ ਨੇ ਗਰਭਵਤੀ ਮਹਿਲਾਵਾਂ ਨੂੰ ਆਇਰਨ, ਕੈਲਸ਼ੀਅਮ, ਫੋਲਿਕ ਐਸਿਡ ਅਤੇ ਪ੍ਰੋਟੀਨ ਭਰਪੂਰ ਖੁਰਾਕ ਲੈਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਤਾਜ਼ੇ ਫਲ, ਹਰੀਆਂ ਸਬਜ਼ੀਆਂ, ਦੁੱਧ, ਦਹੀਂ, ਦਾਲਾਂ ਅਤੇ ਅਨਾਜ ਨੂੰ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ, ਜਦਕਿ ਤੇਲੀਆ, ਮਸਾਲੇਦਾਰ ਅਤੇ ਜੰਕ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ ਨੇ ਕਿਹਾ ਕਿ ਪੋਸ਼ਣ ਨੂੰ ਸਿਰਫ਼ ਪੋਸ਼ਣ ਹਫ਼ਤੇ ਤੱਕ ਸੀਮਿਤ ਨਾ ਰੱਖ ਕੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਵਹਿਮਾਂ-ਭਰਮਾਂ ਦੀ ਬਜਾਏ ਸਹੀ ਤੇ ਵਿਗਿਆਨਕ ਪੋਸ਼ਣ ਜਾਣਕਾਰੀ ਨੂੰ ਅਪਣਾਉਣ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ