ਪੰਜਾਬੀ ਆਪਣੀ ਵਿਦਵਤਾ ਭਰਪੂਰ ਵਿਰਾਸਤ ਨੂੰ ਅਣਗੌਲਿਆ ਕਰ ਰਹੇ ਹਨ: ਪ੍ਰੋ. ਹਰਪਾਲ ਸਿੰਘ ਪੰਨੂ
ਪਟਿਆਲਾ, 03 ਸਤੰਬਰ (ਹਿੰ.ਸ.)| ਭਾਸ਼ਾ ਵਿਭਾਗ ਪੰਜਾਬ ਵੱਲੋਂ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਪੁਸਤਕ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਮਹੀਨਾਵਾਰ ‘ਪੁਸਤਕ ਮਿਲਣੀ’ ਕਰਵਾਈ ਗਈ। ਇਸ ਮੌਕੇ ਉੱਘੇ ਵਿਦਵਾਨ ਪ੍ਰੋ. ਹਰਪਾਲ ਸਿੰਘ ਪੰਨੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗ
ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ, ਪ੍ਰੋ. ਹਰਪਾਲ ਸਿੰਘ ਪੰਨੂ ਦਾ ਸਨਮਾਨ ਕਰਦੇ ਹੋਏ।


ਪਟਿਆਲਾ, 03 ਸਤੰਬਰ (ਹਿੰ.ਸ.)| ਭਾਸ਼ਾ ਵਿਭਾਗ ਪੰਜਾਬ ਵੱਲੋਂ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਪੁਸਤਕ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਮਹੀਨਾਵਾਰ ‘ਪੁਸਤਕ ਮਿਲਣੀ’ ਕਰਵਾਈ ਗਈ। ਇਸ ਮੌਕੇ ਉੱਘੇ ਵਿਦਵਾਨ ਪ੍ਰੋ. ਹਰਪਾਲ ਸਿੰਘ ਪੰਨੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਸਮਾਗਮ ਦੌਰਾਨ ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਡਿਜੀਟਲ ਯੁੱਗ ਵਿੱਚ ਕਿਤਾਬਾਂ ਸਾਡੇ ਨਾਲ ਹਰ ਸਮੇਂ ਮੌਜੂਦ ਹਨ ਅਤੇ ਹੁਣ ਉਨ੍ਹਾਂ ਨੂੰ ਫੋਨ ਜਾਂ ਆਈਪੈਡ ਰਾਹੀਂ ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ ਪੜ੍ਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਿਰਫ਼ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਦੀ ਲੋੜ ਹੈ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਖੁਦ ਮਿਸਾਲ ਬਣਨ ਦੀ ਅਪੀਲ ਕੀਤੀ।

ਪ੍ਰੋ. ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਅਤੇ ਭਾਰਤੀ ਉਪਮਹਾਦੀਪ ਦੀ ਧਰਤੀ ਦੀ ਵਿਦਵਤਾ ਭਰਪੂਰ ਵਿਰਾਸਤ ਬੇਹੱਦ ਅਮੀਰ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਅਸੀਂ ਆਪਣੀ ਇਸ ਬੌਧਿਕ ਵਿਰਾਸਤ ਨੂੰ ਸੰਭਾਲਣ ਅਤੇ ਇਸ ਦਾ ਲਾਭ ਲੈਣ ਵਿੱਚ ਘੱਟ ਰੁਚੀ ਦਿਖਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਖਿੱਤੇ ਵਿੱਚ ਅਜਿਹੇ ਮਹਾਨ ਗ੍ਰੰਥ ਰਚੇ ਗਏ ਹਨ, ਜਿਨ੍ਹਾਂ ਤੋਂ ਅਨੇਕ ਹੋਰ ਗ੍ਰੰਥਾਂ ਦੀ ਸਿਰਜਣਾ ਕੀਤੀ ਜਾ ਸਕਦੀ ਹੈ, ਪਰ ਅਸੀਂ ਆਪਣੇ ਬਹੁਤ ਸਾਰੇ ਕੀਮਤੀ ਗ੍ਰੰਥਾਂ ਤੋਂ ਅਣਜਾਣ ਹਾਂ।

ਉਨ੍ਹਾਂ ਕਿਹਾ ਕਿ ਕਈ ਅਜਿਹੇ ਗ੍ਰੰਥ ਹਨ ਜਿਨ੍ਹਾਂ ਦਾ ਵਿਦੇਸ਼ੀ ਵਿਦਵਾਨਾਂ ਨੇ ਆਪਣੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ ਉਨ੍ਹਾਂ ਦੀ ਮਹੱਤਤਾ ਨੂੰ ਸਮਝਿਆ ਹੈ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀ ਵਿਦਵਤਾ ਅਤੇ ਲਿਖਣ ਦੀ ਪਰੰਪਰਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਗਿਆਨ ਅਤੇ ਸਾਹਿਤਕ ਵਿਰਸੇ ਨਾਲ ਮੁੜ ਜੁੜਨ ਦੀ ਲੋੜ ਹੈ।

ਪੁਸਤਕਾਂ ਦੀ ਮਹੱਤਤਾ ਬਾਰੇ ਬੋਲਦਿਆਂ ਪ੍ਰੋ. ਪੰਨੂ ਨੇ ਕਿਹਾ ਕਿ ਕਿਤਾਬ ਇੱਕ ਅਜਿਹਾ ਖਜ਼ਾਨਾ ਹੈ, ਜਿਸ ਨੂੰ ਇੱਕ ਵਿਦਵਾਨ ਵਿਅਕਤੀ ਲੰਬੇ ਸਮੇਂ ਵਿੱਚ ਇਕੱਠੇ ਕੀਤੇ ਗਿਆਨ ਨਾਲ ਸਿਰਜਦਾ ਹੈ। ਉਨ੍ਹਾਂ ਕਿਹਾ ਕਿ ਚੰਗੀ ਪੁਸਤਕ ਨੂੰ ਚੰਗੇ ਗੀਤ ਵਾਂਗ ਵਾਰ-ਵਾਰ ਪੜ੍ਹਨਾ ਚਾਹੀਦਾ ਹੈ, ਕਿਉਂਕਿ ਇਹ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ।

ਸਮਾਗਮ ਦੇ ਅੰਤ ਵਿੱਚ ਪ੍ਰੋ. ਹਰਪਾਲ ਸਿੰਘ ਪੰਨੂ ਨੂੰ ਵਿਭਾਗੀ ਸ਼ਾਲ ਅਤੇ ਕਿਤਾਬਾਂ ਦੇ ਸੈੱਟ ਨਾਲ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ।

ਇਸ ਮੌਕੇ ਭਾਸ਼ਾ ਵਿਭਾਗ ਦੀ ਵਧੀਕ ਡਾਇਰੈਕਟਰ ਚੰਦਨਦੀਪ ਕੌਰ, ਡਿਪਟੀ ਡਾਇਰੈਕਟਰ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਜਸਪ੍ਰੀਤ ਕੌਰ, ਸੁਰਿੰਦਰ ਕੌਰ, ਪਦਮਸ਼੍ਰੀ ਪ੍ਰਾਣ ਸੱਭਰਵਾਲ, ਇੰਜੀ. ਜੋਤਿੰਦਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਮੰਜੂ ਮਿੱਢਾ ਅਰੋੜਾ, ਸ਼ਾਇਰ ਅਵਤਾਰਜੀਤ ਸਿੰਘ, ਅੰਮ੍ਰਿਤਪਾਲ ਸ਼ੈਦਾ, ਗੁਰਮੀਤ ਸਿੰਘ ਅਤੇ ਗਾਇਕ ਨੀਲੇ ਖਾਂ ਸਮੇਤ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande