ਖਰੜ ਦੀ ਸੋਸਾਇਟੀ ’ਚ ਐੱਨਆਰਆਈ ਪਰਿਵਾਰ ਦੇ ਫਲੈਟ ’ਤੇ ਕਬਜ਼ੇ ਦਾ ਮਾਮਲਾ, 5 ਖ਼ਿਲਾਫ਼ ਕੇਸ ਦਰਜ
ਤਾਲਾ ਤੋੜ ਕੇ ਫਲੈਟ ’ਚ ਦਾਖ਼ਲ ਹੋਣ ਦਾ ਦੋਸ਼, ਕਥਿਤ ਜਾਅਲੀ ਸਮਝੌਤੇ ਦੇ ਆਧਾਰ ’ਤੇ ਅਦਾਲਤ ਤੋਂ ਸਟੇ ਲੈਣ ਦਾ ਵੀ ਇਲਜ਼ਾਮ ਮੋਹਾਲੀ, 04 ਸਤੰਬਰ (ਹਿੰ.ਸ.)| ਮੋਹਾਲੀ ਦੇ ਖਰੜ ਸਥਿਤ ਇੱਕ ਸੋਸਾਇਟੀ ਵਿੱਚ ਐੱਨਆਰਆਈ ਪਰਿਵਾਰ ਦੇ ਬੰਦ ਪਏ ਫਲੈਟ ਦਾ ਤਾਲਾ ਤੋੜ ਕੇ ਕਥਿਤ ਤੌਰ ’ਤੇ ਜਬਰੀ ਕਬਜ਼ਾ ਕਰਨ ਅਤੇ ਅਦਾਲਤ ਨ
ਖਰੜ ਦੀ ਸੋਸਾਇਟੀ ’ਚ ਐੱਨਆਰਆਈ ਪਰਿਵਾਰ ਦੇ ਫਲੈਟ ’ਤੇ ਕਬਜ਼ੇ ਦਾ ਮਾਮਲਾ, 5 ਖ਼ਿਲਾਫ਼ ਕੇਸ ਦਰਜ


ਤਾਲਾ ਤੋੜ ਕੇ ਫਲੈਟ ’ਚ ਦਾਖ਼ਲ ਹੋਣ ਦਾ ਦੋਸ਼, ਕਥਿਤ ਜਾਅਲੀ ਸਮਝੌਤੇ ਦੇ ਆਧਾਰ ’ਤੇ ਅਦਾਲਤ ਤੋਂ ਸਟੇ ਲੈਣ ਦਾ ਵੀ ਇਲਜ਼ਾਮ

ਮੋਹਾਲੀ, 04 ਸਤੰਬਰ (ਹਿੰ.ਸ.)| ਮੋਹਾਲੀ ਦੇ ਖਰੜ ਸਥਿਤ ਇੱਕ ਸੋਸਾਇਟੀ ਵਿੱਚ ਐੱਨਆਰਆਈ ਪਰਿਵਾਰ ਦੇ ਬੰਦ ਪਏ ਫਲੈਟ ਦਾ ਤਾਲਾ ਤੋੜ ਕੇ ਕਥਿਤ ਤੌਰ ’ਤੇ ਜਬਰੀ ਕਬਜ਼ਾ ਕਰਨ ਅਤੇ ਅਦਾਲਤ ਨੂੰ ਗੁੰਮਰਾਹ ਕਰਕੇ ਸਟੇ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਦੇ ਆਧਾਰ ’ਤੇ ਐੱਨਆਰਆਈ ਵਿੰਗ ਪੁਲਿਸ ਨੇ ਮੁੱਖ ਮੁਲਜ਼ਮ, ਸਾਬਕਾ ਕਿਰਾਏਦਾਰ ਅਤੇ ਉਸ ਦੇ ਹੋਰ ਸਾਥੀਆਂ ਸਮੇਤ ਕੁੱਲ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਅਨੁਸਾਰ ਫਲੈਟ ਵਿੱਚ ਪਹਿਲਾਂ ਰਹਿ ਰਹੇ ਕਿਰਾਏਦਾਰ ਦੀ ਧੀ ਨੇ ਜੁਲਾਈ 2025 ਵਿੱਚ ਸੁਨੇਹਾ ਭੇਜ ਕੇ ਫਲੈਟ ਖਾਲੀ ਕਰਨ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਕਿਰਾਏਦਾਰ ਦੇ ਰਿਸ਼ਤੇਦਾਰ ਨੇ ਫਲੈਟ ਦੀਆਂ ਚਾਬੀਆਂ ਲੈ ਕੇ ਉਸ ਨੂੰ ਤਾਲਾ ਲਗਾ ਦਿੱਤਾ ਸੀ। ਇਸ ਮਗਰੋਂ ਫਲੈਟ ਬੰਦ ਪਿਆ ਸੀ।

ਪਰਿਵਾਰ ਜਦੋਂ ਅਪ੍ਰੈਲ 2026 ਵਿੱਚ ਫਲੈਟ ’ਤੇ ਪਹੁੰਚਿਆ ਤਾਂ ਉੱਥੇ ਲੱਗੇ ਤਾਲੇ ਟੁੱਟੇ ਹੋਏ ਮਿਲੇ। ਸ਼ਿਕਾਇਤਕਰਤਾ ਮੁਤਾਬਕ ਫਲੈਟ ਦੇ ਅੰਦਰ ਕੁਝ ਵਿਅਕਤੀ ਕਬਜ਼ਾ ਕਰਕੇ ਬੈਠੇ ਸਨ। ਜਦੋਂ ਉਨ੍ਹਾਂ ਤੋਂ ਫਲੈਟ ਵਿੱਚ ਦਾਖ਼ਲ ਹੋਣ ਬਾਰੇ ਪੁੱਛਿਆ ਗਿਆ ਤਾਂ ਕਬਜ਼ਾਧਾਰੀਆਂ ਨੇ ਕਥਿਤ ਤੌਰ ’ਤੇ ਦੱਸਿਆ ਕਿ ਸਾਬਕਾ ਕਿਰਾਏਦਾਰ ਨੇ ਖੁਦ ਨੂੰ ਫਲੈਟ ਦਾ ਮਾਲਕ ਦੱਸਦਿਆਂ ਇੱਕ ਕਥਿਤ ਜਾਅਲੀ ਐਗਰੀਮੈਂਟ ਤਿਆਰ ਕੀਤਾ ਸੀ। ਇਸੇ ਦਸਤਾਵੇਜ਼ ਦੇ ਆਧਾਰ ’ਤੇ ਅਦਾਲਤ ਤੋਂ ਸਟੇ ਲੈਣ ਦਾ ਵੀ ਦਾਅਵਾ ਕੀਤਾ ਗਿਆ।

ਸ਼ਿਕਾਇਤਕਰਤਾ ਵੱਲੋਂ ਜਦੋਂ ਫਲੈਟ ਦੀ ਮਲਕੀਅਤ ਨਾਲ ਸਬੰਧਤ ਅਸਲ ਦਸਤਾਵੇਜ਼ ਦਿਖਾਉਣ ਲਈ ਕਿਹਾ ਗਿਆ ਤਾਂ ਕਥਿਤ ਤੌਰ ’ਤੇ ਕਬਜ਼ਾਧਾਰੀਆਂ ਨੇ ਮੰਨਿਆ ਕਿ ਅਸਲ ਦਸਤਾਵੇਜ਼ ਉਨ੍ਹਾਂ ਕੋਲ ਮੌਜੂਦ ਨਹੀਂ ਹਨ। ਇਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪਹੁੰਚਿਆ।

ਐੱਨਆਰਆਈ ਵਿੰਗ ਪੁਲਿਸ ਨੇ ਇਸ ਮਾਮਲੇ ਵਿੱਚ ਸਦਰ ਵਾਸੀ ਹਰਜਿੰਦਰ ਕੌਰ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਪਹਿਲੇ ਪੜਾਅ ਵਿੱਚ ਬੀਐੱਨਐੱਸ ਦੀ ਧਾਰਾ 329(4) ਤਹਿਤ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਕਥਿਤ ਤੌਰ ’ਤੇ ਚੋਰੀ ਕੀਤਾ ਸਾਮਾਨ ਬਰਾਮਦ ਕਰਨ ਅਤੇ ਫਲੈਟ ਨੂੰ ਖਾਲੀ ਕਰਵਾਉਣ ਸਬੰਧੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਵੱਲੋਂ ਕਥਿਤ ਜਾਅਲੀ ਦਸਤਾਵੇਜ਼ਾਂ ਅਤੇ ਅਦਾਲਤੀ ਕਾਰਵਾਈ ਨਾਲ ਜੁੜੇ ਤੱਥਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande