
ਮੋਹਾਲੀ, 04 ਸਤੰਬਰ (ਹਿੰ.ਸ.)| ਪਿੰਡ ਸੰਭਾਲਕੀ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਸਾਬਕਾ ਮੇਅਰ ਮੋਹਾਲੀ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਯੂਥ ਕਾਂਗਰਸੀ ਆਗੂ ਕੰਵਰਬੀਰ ਸਿੰਘ ਰੂਬੀ ਸਿੱਧੂ ਦੀ ਅਗਵਾਈ ਹੇਠ ਦਰਜਨਾਂ ਨੌਜਵਾਨਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਆਗੂਆਂ ਵੱਲੋਂ ਨਵੇਂ ਸ਼ਾਮਲ ਹੋਏ ਨੌਜਵਾਨਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ ਗਿਆ।
ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਰੂਬੀ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਣ ਵਿੱਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਅੱਜ ਰੁਜ਼ਗਾਰ, ਮਿਆਰੀ ਸਿੱਖਿਆ, ਖੇਡਾਂ ਦੇ ਵਧੇਰੇ ਮੌਕੇ ਅਤੇ ਨਸ਼ਿਆਂ ਤੋਂ ਮੁਕਤ ਭਵਿੱਖ ਚਾਹੁੰਦਾ ਹੈ। ਕਾਂਗਰਸ ਇਨ੍ਹਾਂ ਮੁੱਦਿਆਂ ਨੂੰ ਲਗਾਤਾਰ ਲੋਕਾਂ ਦੇ ਸਾਹਮਣੇ ਉਠਾਉਂਦੀ ਰਹੀ ਹੈ।
ਰੂਬੀ ਸਿੱਧੂ ਨੇ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਨਸ਼ਾ ਪੰਜਾਬ ਲਈ ਗੰਭੀਰ ਚੁਣੌਤੀ ਬਣਿਆ ਹੋਇਆ ਹੈ ਅਤੇ ਇਸ ਕਾਰਨ ਕਈ ਪਰਿਵਾਰ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਿੰਡਾਂ ਵਿੱਚ ਨਸ਼ਿਆਂ ਦੀ ਵਿਕਰੀ ਨੂੰ ਲੈ ਕੇ ਲੋਕਾਂ ਵਿੱਚ ਚਿੰਤਾ ਹੈ। ਉਨ੍ਹਾਂ ਸਰਕਾਰ ਨੂੰ ਸਿਰਫ਼ ਦਾਅਵਿਆਂ ਦੀ ਬਜਾਏ ਨਸ਼ਿਆਂ ਦੇ ਕਾਰੋਬਾਰ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਠੋਸ ਅਤੇ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ।
ਨਵੇਂ ਸ਼ਾਮਲ ਹੋਏ ਨੌਜਵਾਨਾਂ ਨੇ ਕਿਹਾ ਕਿ ਉਹ ਕਾਂਗਰਸ ਦੀ ਵਿਚਾਰਧਾਰਾ ਅਤੇ ਲੋਕਤਾਂਤਰਿਕ ਸੋਚ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਉਹ ਪਿੰਡ ਪੱਧਰ ’ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ।
ਆਗੂਆਂ ਨੇ ਕਿਹਾ ਕਿ ਕਾਂਗਰਸ ਦਾ ਸੰਗਠਨ ਮਿਹਨਤੀ ਵਰਕਰਾਂ ਅਤੇ ਨੌਜਵਾਨਾਂ ਦੀ ਤਾਕਤ ਨਾਲ ਮਜ਼ਬੂਤ ਹੁੰਦਾ ਹੈ। ਆਉਣ ਵਾਲੇ ਸਮੇਂ ਵਿੱਚ ਪਿੰਡਾਂ ਅਤੇ ਸ਼ਹਿਰਾਂ ਦੇ ਹਰ ਵਰਗ ਨੂੰ ਨਾਲ ਜੋੜ ਕੇ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕੀਤਾ ਜਾਵੇਗਾ।
ਇਸ ਮੌਕੇ ਯੂਥ ਕਾਂਗਰਸ ਹਲਕਾ ਮੋਹਾਲੀ ਦੇ ਪ੍ਰਧਾਨ ਮੁਕੁਲ ਸ਼ਰਮਾ ਵੀ ਹਾਜ਼ਰ ਸਨ। ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਅੰਸ਼ੁਲ ਪਲਵਾਨ, ਗੁਰਸੇਵਕ ਸਿੰਘ, ਯਸ਼ਪਾਲ, ਸੰਦੀਪ ਸਿੰਘ, ਮੰਗਾ ਮਨੌਲੀ, ਕੁਲਦੀਪ ਸਿੰਘ, ਗੁਰਵਿੰਦਰ ਸਿੰਘ, ਕ੍ਰਿਸ਼ਨ ਚੰਦ, ਜਸਬੀਰ ਸਿੰਘ, ਸੁਖਵਿੰਦਰ ਸਿੰਘ, ਗੁਰੀ, ਸ਼ਿਵਾ ਮਨੌਲੀ, ਬਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਬਿੱਲਾ, ਸਿਮੂ ਅਤੇ ਹਰਸ਼ ਸਮੇਤ ਹੋਰ ਨੌਜਵਾਨ ਸ਼ਾਮਲ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH