
‘ਖੇਡਾਂ ਵਤਨ ਪੰਜਾਬ ਦੀਆਂ’ ਖਿਡਾਰੀਆਂ ਲਈ ਬਿਹਤਰੀਨ ਮੰਚ ਸਾਬਤ ਹੋ ਰਹੀਆਂ ਹਨ: ਸਪੀਕਰ ਸੰਧਵਾਂਕੋਟਕਪੂਰਾ, 04 ਸਤੰਬਰ (ਹਿੰ.ਸ.)| ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਵਾੜਾਦਰਾਕਾ ਅਤੇ ਪਿੰਡ ਫਿੱਡੇ ਕਲਾਂ ਵਿਖੇ ਨਵੇਂ ਬਣਾਏ ਗਏ ‘ਮੁੱਖ ਮੰਤਰੀ ਖੇਡ ਮੈਦਾਨਾਂ’ ਦਾ ਉਦਘਾਟਨ ਕੀਤਾ। ਇਹ ਖੇਡ ਮੈਦਾਨ ਸੂਬੇ ਵਿੱਚ ਉਸਾਰੇ ਜਾ ਰਹੇ 3100 ਖੇਡ ਮੈਦਾਨਾਂ ਦੇ ਦੂਜੇ ਚਰਨ ਤਹਿਤ ਤਿਆਰ ਕੀਤੇ ਗਏ ਹਨ। ਇਸ ਦਾ ਮਕਸਦ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਲਈ ਬਿਹਤਰ ਅਤੇ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣਾ ਹੈ।ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ ਦੇ ਨਾਲ-ਨਾਲ ਉਨ੍ਹਾਂ ਵਿੱਚ ਅਨੁਸ਼ਾਸਨ, ਟੀਮ ਭਾਵਨਾ ਅਤੇ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਖੇਡਾਂ ਵਤਨ ਪੰਜਾਬ ਦੀਆਂ’ ਪਹਿਲਕਦਮੀ ਖਿਡਾਰੀਆਂ ਲਈ ਬਿਹਤਰੀਨ ਮੰਚ ਸਾਬਤ ਹੋ ਰਹੀ ਹੈ। ਇਸ ਰਾਹੀਂ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ।ਸਪੀਕਰ ਸੰਧਵਾਂ ਨੇ ਕਿਹਾ ਕਿ ਪਿੰਡਾਂ ਵਿੱਚ ਆਧੁਨਿਕ ਖੇਡ ਮੈਦਾਨ ਉਪਲਬਧ ਹੋਣ ਨਾਲ ਸਥਾਨਕ ਪੱਧਰ ’ਤੇ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਦਾ ਮੌਕਾ ਮਿਲੇਗਾ। ਉਨ੍ਹਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਣ ਅਤੇ ਆਪਣੇ ਪਿੰਡ, ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਦੀ ਅਪੀਲ ਕੀਤੀ।ਇਸ ਮੌਕੇ ਖਿਡਾਰੀਆਂ ਨੂੰ ਕ੍ਰਿਕਟ ਅਤੇ ਵਾਲੀਬਾਲ ਦੀਆਂ ਖੇਡ ਕਿੱਟਾਂ ਵੀ ਵੰਡੀਆਂ ਗਈਆਂ। ਸਪੀਕਰ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਖੇਡਾਂ ਸਭ ਤੋਂ ਪ੍ਰਭਾਵਸ਼ਾਲੀ ਸਾਧਨਾਂ ਵਿੱਚੋਂ ਇੱਕ ਹਨ। ਇਸ ਲਈ ਪਿੰਡ ਪੱਧਰ ’ਤੇ ਖੇਡਾਂ ਅਤੇ ਖੇਡ ਸਹੂਲਤਾਂ ਦਾ ਵਿਕਾਸ ਕਰਨਾ ਬੇਹੱਦ ਜ਼ਰੂਰੀ ਹੈ।ਇਸ ਮੌਕੇ ਸਰਪੰਚ ਅੰਮ੍ਰਿਤਲਾਲ ਫਿੱਡੇ ਕਲਾਂ, ਸਰਪੰਚ ਅਮਰੀਕ ਸਿੰਘ ਡੱਗੂ ਰੋਮਾਣਾ, ਸਰਪੰਚ ਅੰਗਰੇਜ ਸਿੰਘ, ਬਲਾਕ ਪ੍ਰਧਾਨ ਕੁਲਵੰਤ ਸਿੰਘ, ਬਾਬੂ ਲਾਲ, ਬ੍ਰਿਜਪਾਲ ਸਿੰਘ, ਅਮਰਜੀਤ ਸਿੰਘ, ਗੁਰਪਾਲ ਸਿੰਘ, ਖੁਸ਼ਵੰਤ ਸਿੰਘ, ਵਿੱਕੀ ਸਹੋਤਾ, ਵਿੱਕੀ ਬਰਾੜ, ਰਾਮ ਵਹਿਣੀਵਾਲ, ਸਤਵੀਰ ਸੰਧੂ, ਕਰਮ ਸਿੰਘ ਬਰਾੜ, ਜਿੰਦਰ ਬਰਾੜ, ਜੋਰਾ ਸਿੰਘ, ਨਿਰਮਲ ਸਿੰਘ, ਬਲਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH