500 ਡਰੋਨਾਂ ਨੇ ਕਪੂਰਥਲਾ ਦੇ ਆਸਮਾਨ ’ਚ ਉਕੇਰਿਆ ਸ੍ਰੀ ਗੁਰੂ ਰਵਿਦਾਸ ਜੀ ਦਾ ਜੀਵਨ ਤੇ ਫਲਸਫਾ
650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਾਈ-ਟੈਕ ਡਰੋਨ ਸ਼ੋਅ ਨੇ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ ਕਪੂਰਥਲਾ, 06 ਸਤੰਬਰ (ਹਿੰ.ਸ.)| ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਸ਼ਨੀਵਾਰ ਦੇਰ ਸ਼ਾਮ ਸ਼ਾਨਦਾਰ ਡਰੋਨ ਸ਼ੋਅ ਕਰਵਾਇਆ ਗਿਆ। ਇਸ
ਸਮਾਗਮ ਦੌਰਾਨ ਕੀਰਤਨ ਕਰਦਾ ਹੋਇਆ ਕੀਰਤਨੀ ਜਥਾ।


650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਾਈ-ਟੈਕ ਡਰੋਨ ਸ਼ੋਅ ਨੇ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਕਪੂਰਥਲਾ, 06 ਸਤੰਬਰ (ਹਿੰ.ਸ.)| ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਸ਼ਨੀਵਾਰ ਦੇਰ ਸ਼ਾਮ ਸ਼ਾਨਦਾਰ ਡਰੋਨ ਸ਼ੋਅ ਕਰਵਾਇਆ ਗਿਆ। ਇਸ ਮੌਕੇ 500 ਤਾਲਮੇਲ ਵਾਲੇ ਡਰੋਨਾਂ ਨੇ ਕਰੀਬ 15 ਮਿੰਟ ਤੱਕ ਆਸਮਾਨ ਨੂੰ ਰੰਗ-ਬਿਰੰਗੀਆਂ ਰੋਸ਼ਨ ਆਕ੍ਰਿਤੀਆਂ ਨਾਲ ਸਜਾਉਂਦਿਆਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਫਲਸਫੇ ਅਤੇ ਸਿੱਖਿਆਵਾਂ ਨੂੰ ਦ੍ਰਿਸ਼ਮਾਨ ਰੂਪ ਵਿੱਚ ਪੇਸ਼ ਕੀਤਾ।

ਇਸ ਹਾਈ-ਟੈਕ ਹਵਾਈ ਪੇਸ਼ਕਾਰੀ ਦੌਰਾਨ ਡਰੋਨਾਂ ਨੇ ਵੱਖ-ਵੱਖ ਆਕ੍ਰਿਤੀਆਂ ਅਤੇ ਦ੍ਰਿਸ਼ ਤਿਆਰ ਕਰਕੇ ਗੁਰੂ ਜੀ ਦੇ ਬਰਾਬਰੀ, ਭਾਈਚਾਰੇ, ਦਇਆ, ਸਮਾਜਿਕ ਨਿਆਂ ਅਤੇ ਮਨੁੱਖੀ ਸਨਮਾਨ ਦੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ। ਦੁਆਬਾ ਖੇਤਰ ਵਿੱਚ ਹੋਣ ਵਾਲਾ ਇਹ ਚੌਥਾ ਡਰੋਨ ਸ਼ੋਅ ਦੱਸਿਆ ਗਿਆ, ਜਿਸ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਸਥਾਨਕ ਵਸਨੀਕ ਗੁਰੂ ਨਾਨਕ ਸਟੇਡੀਅਮ ਵਿਖੇ ਪਹੁੰਚੇ।

ਹਵਾਈ ਆਕ੍ਰਿਤੀਆਂ, ਵਿਜ਼ੂਅਲ ਕਹਾਣੀ ਅਤੇ ਬੋਲਾਂ ਦੇ ਸੁਮੇਲ ਨਾਲ ਤਿਆਰ ਕੀਤੀ ਇਸ ਪੇਸ਼ਕਾਰੀ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਸਰਵਵਿਆਪੀ ਅਤੇ ਸਦੀਵੀ ਸੰਦੇਸ਼ ਨੂੰ ਆਧੁਨਿਕ ਤਕਨਾਲੋਜੀ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਖਾਸ ਤੌਰ ’ਤੇ ਨੌਜਵਾਨ ਪੀੜ੍ਹੀ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਅਤੇ ਮਨੁੱਖਤਾ ਪ੍ਰਤੀ ਉਨ੍ਹਾਂ ਦੇ ਸੰਦੇਸ਼ ਨਾਲ ਜੋੜਨ ਲਈ ਇਹ ਉਪਰਾਲਾ ਪ੍ਰਭਾਵਸ਼ਾਲੀ ਰਿਹਾ।

ਸਮਾਗਮ ਦੇ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਡਰੋਨ ਸ਼ੋਅ ਨੂੰ ਸ੍ਰੀ ਗੁਰੂ ਰਵਿਦਾਸ ਜੀ ਨੂੰ ਢੁੱਕਵੀਂ ਸ਼ਰਧਾਂਜਲੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦੀ ਨਵੀਨਤਾਕਾਰੀ ਵਰਤੋਂ ਰਾਹੀਂ ਗੁਰੂ ਜੀ ਦਾ ਸਦੀਵੀ ਸੰਦੇਸ਼ ਵੱਡੀ ਗਿਣਤੀ ਵਿੱਚ ਲੋਕਾਂ, ਖਾਸ ਕਰਕੇ ਨੌਜਵਾਨਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਨਾਲ ਮਨਾਉਣ ਦੇ ਨਾਲ-ਨਾਲ ਅਜਿਹੇ ਨਵੇਂ ਉਪਰਾਲੇ ਵੀ ਕੀਤੇ ਜਾ ਰਹੇ ਹਨ, ਤਾਂ ਜੋ ਗੁਰੂ ਜੀ ਦਾ ਜੀਵਨ, ਫਲਸਫਾ ਅਤੇ ਸਿੱਖਿਆਵਾਂ ਸਮਾਜ ਦੇ ਹਰ ਵਰਗ ਤੱਕ ਪਹੁੰਚ ਸਕਣ। ਇਸ ਤੋਂ ਪਹਿਲਾਂ ਪ੍ਰਸਿੱਧ ਰਾਗੀ ਭਾਈ ਜਸਵੀਰ ਸਿੰਘ ਵੱਲੋਂ ਰੂਹਾਨੀ ਸ਼ਬਦ ਕੀਰਤਨ ਕੀਤਾ ਗਿਆ। ਉਨ੍ਹਾਂ ਦੀ ਭਗਤੀਮਈ ਗਾਇਕੀ ਨੇ ਸਮਾਗਮ ਦੇ ਮਾਹੌਲ ਨੂੰ ਹੋਰ ਵੀ ਸ਼ਰਧਾਪੂਰਵਕ ਬਣਾ ਦਿੱਤਾ।

ਡਰੋਨ ਸ਼ੋਅ ਦੌਰਾਨ ਆਸਮਾਨ ਵਿੱਚ ਬਣੀਆਂ ਰੋਸ਼ਨ ਆਕ੍ਰਿਤੀਆਂ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਪੂਰੀ ਪੇਸ਼ਕਾਰੀ ਦੌਰਾਨ ਲੋਕ ਆਸਮਾਨ ਵੱਲ ਦੇਖਦੇ ਹੋਏ ਮੰਤਰਮੁਗਧ ਨਜ਼ਰ ਆਏ ਅਤੇ ਇਸ ਨਿਵੇਕਲੇ ਉਪਰਾਲੇ ਨੂੰ ਭਰਵਾਂ ਹੁੰਗਾਰਾ ਦਿੱਤਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande