ਫਰੀਦਕੋਟ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਪੁਲਿਸ ਨੇ ਚਲਾਇਆ ਕਾਸੋ ਆਪਰੇਸ਼ਨ
125 ਪੁਲਿਸ ਮੁਲਾਜ਼ਮਾਂ ਦੀਆਂ ਟੀਮਾਂ ਨੇ ਹੌਟਸਪੌਟ ਇਲਾਕਿਆਂ ਵਿੱਚ ਕੀਤੀ ਛਾਪੇਮਾਰੀ, ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਕੀਤੀ ਜਾਂਚ ਫਰੀਦਕੋਟ, 06 ਸਤੰਬਰ (ਹਿੰ.ਸ.)| ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਅਤੇ ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕੱਸਣ ਲਈ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੀਆਂ
ਘਰਾਂ ਦੀ ਚੈਕਿੰਗ ਕਰਦੇ ਹੋਏ ਪੁਲਿਸ ਮੁਲਾਜ਼ਮ।


125 ਪੁਲਿਸ ਮੁਲਾਜ਼ਮਾਂ ਦੀਆਂ ਟੀਮਾਂ ਨੇ ਹੌਟਸਪੌਟ ਇਲਾਕਿਆਂ ਵਿੱਚ ਕੀਤੀ ਛਾਪੇਮਾਰੀ, ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਕੀਤੀ ਜਾਂਚ

ਫਰੀਦਕੋਟ, 06 ਸਤੰਬਰ (ਹਿੰ.ਸ.)| ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਅਤੇ ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕੱਸਣ ਲਈ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੀਆਂ ਹੌਟਸਪੌਟ ਬਸਤੀਆਂ ਵਿੱਚ ਕਾਰਡਨ ਐਂਡ ਸਰਚ ਆਪਰੇਸ਼ਨ (ਕਾਸੋ) ਚਲਾਇਆ ਗਿਆ। ਇਸ ਦੌਰਾਨ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਸ਼ੱਕੀ ਠਿਕਾਣਿਆਂ ਅਤੇ ਪੂਰੇ ਇਲਾਕੇ ਦੀ ਬਾਰੀਕੀ ਨਾਲ ਤਲਾਸ਼ੀ ਲਈ।

ਐੱਸਐੱਸਪੀ ਫਰੀਦਕੋਟ ਗੁਰਬੰਸ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੇ ਗਏ ਇਸ ਆਪਰੇਸ਼ਨ ਦੀ ਨਿਗਰਾਨੀ ਐੱਸਪੀ ਹੈੱਡਕੁਆਰਟਰ ਜਸਪ੍ਰੀਤ ਸਿੰਘ, ਡੀਐੱਸਪੀ ਫਰੀਦਕੋਟ ਤਰਲੋਚਨ ਸਿੰਘ ਅਤੇ ਡੀਐੱਸਪੀ (ਡੀ) ਅਵਤਾਰ ਸਿੰਘ ਵੱਲੋਂ ਕੀਤੀ ਗਈ। ਪੁਲਿਸ ਟੀਮਾਂ ਨੇ ਪਿੰਡ ਦੀਪ ਸਿੰਘ ਵਾਲਾ, ਦਾਣਾ ਮੰਡੀ ਸਾਦਿਕ ਅਤੇ ਰੇਲਵੇ ਸਟੇਸ਼ਨ ਫਰੀਦਕੋਟ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸ਼ੱਕੀ ਠਿਕਾਣਿਆਂ ’ਤੇ ਛਾਪੇਮਾਰੀ ਕਰਕੇ ਤਲਾਸ਼ੀ ਮੁਹਿੰਮ ਚਲਾਈ।

ਪੁਲਿਸ ਅਨੁਸਾਰ ਆਪਰੇਸ਼ਨ ਦੌਰਾਨ ਉਨ੍ਹਾਂ ਵਿਅਕਤੀਆਂ ਦੇ ਟਿਕਾਣਿਆਂ ਦੀ ਵੀ ਜਾਂਚ ਕੀਤੀ ਗਈ, ਜਿਨ੍ਹਾਂ ਖ਼ਿਲਾਫ਼ ਪਹਿਲਾਂ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਹਨ ਜਾਂ ਜਿਨ੍ਹਾਂ ਦਾ ਅਪਰਾਧਿਕ ਰਿਕਾਰਡ ਰਿਹਾ ਹੈ। ਇਸ ਤੋਂ ਇਲਾਵਾ ਸ਼ੱਕੀ ਵਿਅਕਤੀਆਂ ਦੀ ਪਛਾਣ ਅਤੇ ਪੁੱਛਗਿੱਛ ਦੇ ਨਾਲ-ਨਾਲ ਵਾਹਨਾਂ ਦੀ ਵੀ ਬਾਰੀਕੀ ਨਾਲ ਤਲਾਸ਼ੀ ਲਈ ਗਈ।

ਪੁਲਿਸ ਵੱਲੋਂ ਸਬੰਧਤ ਇਲਾਕਿਆਂ ਦੀ ਨਾਕਾਬੰਦੀ ਕਰਕੇ ਅੰਦਰ-ਬਾਹਰ ਜਾਣ ਵਾਲੇ ਰਸਤਿਆਂ ’ਤੇ ਵੀ ਨਿਗਰਾਨੀ ਰੱਖੀ ਗਈ। ਇਸ ਦੌਰਾਨ ਸ਼ੱਕੀ ਵਿਅਕਤੀਆਂ ਦਾ ਰਿਕਾਰਡ ਪੀਆਈਐੱਸ ਐਪ ਰਾਹੀਂ ਚੈੱਕ ਕੀਤਾ ਗਿਆ।

ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਆਪਰੇਸ਼ਨ ਦੌਰਾਨ ਹੌਟਸਪੌਟ ਬਸਤੀਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚੋਂ ਕੁਝ ਸ਼ੱਕੀ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਬਾਅਦ ਜੇਕਰ ਦੋਸ਼ ਸਾਬਤ ਹੁੰਦੇ ਹਨ ਤਾਂ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਫਰੀਦਕੋਟ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ੇ ਦੇ ਕਾਰੋਬਾਰ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਅਜਿਹੇ ਸਰਚ ਆਪਰੇਸ਼ਨ ਅੱਗੇ ਵੀ ਜਾਰੀ ਰਹਿਣਗੇ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਵਿੱਚ ਨਸ਼ਾ ਤਸਕਰੀ ਜਾਂ ਨਸ਼ਿਆਂ ਨਾਲ ਸਬੰਧਤ ਕਿਸੇ ਵੀ ਗਤੀਵਿਧੀ ਬਾਰੇ ਪੁਲਿਸ ਨੂੰ ਸੂਚਿਤ ਕਰਨ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande