ਪੰਜਾਬ ਬਚਾਓ ਮੁਹਿੰਮ ਦੀ ਰੈਲੀ ’ਚ ਸੁਖਬੀਰ ਬਾਦਲ ਦਾ ‘ਆਪ’ ਸਰਕਾਰ ’ਤੇ ਤਿੱਖਾ ਹਮਲਾ
ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਭ੍ਰਿਸ਼ਟਾਚਾਰ ਦਾ ਅੱਡਾ ਦੱਸਿਆ; 2027 ਲਈ ਅਕਾਲੀ ਦਲ ਦੀ ਕਾਰਜ ਯੋਜਨਾ ਦਾ ਕੀਤਾ ਐਲਾਨ ਚੰਡੀਗੜ੍ਹ, 06 ਸਤੰਬਰ (ਹਿੰ.ਸ.)| ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਮੁਹਿੰਮ ਤਹਿਤ ਕਰਵਾਈ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪ
ਰੈਲੀ ਦੌਰਾਨ ਤਸਵੀਰ ਸਾਂਝੀ ਕਰਵਾਉਂਦੇ ਹੋਏ  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ


ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਭ੍ਰਿਸ਼ਟਾਚਾਰ ਦਾ ਅੱਡਾ ਦੱਸਿਆ; 2027 ਲਈ ਅਕਾਲੀ ਦਲ ਦੀ ਕਾਰਜ ਯੋਜਨਾ ਦਾ ਕੀਤਾ ਐਲਾਨ

ਚੰਡੀਗੜ੍ਹ, 06 ਸਤੰਬਰ (ਹਿੰ.ਸ.)| ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਮੁਹਿੰਮ ਤਹਿਤ ਕਰਵਾਈ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਭ੍ਰਿਸ਼ਟਾਚਾਰ ਦਾ ਅੱਡਾ ਕਰਾਰ ਦਿੰਦਿਆਂ ਗੰਭੀਰ ਦੋਸ਼ ਲਗਾਏ ਅਤੇ ਕਿਹਾ ਕਿ ਪੰਜਾਬ ਦੇ ਲੋਕ ਸਰਕਾਰ ਦੀਆਂ ਕਥਿਤ ਨਾਕਾਮੀਆਂ ਦਾ ਖਮਿਆਜ਼ਾ ਭੁਗਤ ਰਹੇ ਹਨ।

ਸੁਖਬੀਰ ਬਾਦਲ ਨੇ ਦੋਸ਼ ਲਗਾਇਆ ਕਿ ਜ਼ਬਰ ਜਨਾਹ ਦੇ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਰਾਹਤ ਦੇਣ ਲਈ ਸਿਆਸੀ ਦਖ਼ਲਅੰਦਾਜ਼ੀ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਅਧਿਕਾਰੀਆਂ ’ਤੇ ਮਾਮਲੇ ਕਮਜ਼ੋਰ ਕਰਨ ਲਈ ਦਬਾਅ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੀੜਤ ਔਰਤਾਂ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀਆਂ ਸਮੇਤ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਯਕੀਨੀ ਬਣਾਉਣ ਲਈ ਲੜਾਈ ਜਾਰੀ ਰੱਖੇਗਾ। ਇਹ ਦੋਸ਼ ਉਨ੍ਹਾਂ ਵੱਲੋਂ ਰੈਲੀ ਦੌਰਾਨ ਲਗਾਏ ਗਏ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਅਤੇ ਇਸ ਦੇ ਮੁਖੀ ਅੰਮ੍ਰਿਤਪਾਲ ਸਿੰਘ ’ਤੇ ਵੀ ਸਿਆਸੀ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਗਾਇਆ ਕਿ ਜਥੇਬੰਦੀ ਦੀ ‘ਆਪ’ ਸਰਕਾਰ ਨਾਲ ਗੰਢਤੁੱਪ ਹੈ ਅਤੇ ਪੰਥਕ ਵੋਟਾਂ ਵੰਡਣ ਲਈ ਸਿਆਸੀ ਰਣਨੀਤੀ ਤਹਿਤ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬੀਆਂ ਨੂੰ ਅਜਿਹੀਆਂ ਕਥਿਤ ਸਿਆਸੀ ਸਾਜ਼ਿਸ਼ਾਂ ਨੂੰ ਸਮਝਣ ਅਤੇ ਸੂਬੇ ਨੂੰ ਮੁੜ ਹਿੰਸਾ ਵਾਲੇ ਦੌਰ ਵੱਲ ਜਾਣ ਤੋਂ ਰੋਕਣ ਦੀ ਅਪੀਲ ਕੀਤੀ।

ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਅਤੇ ਕੌਮੀ ਪਾਰਟੀਆਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਪਾਰਟੀ ਨੂੰ ਮਜ਼ਬੂਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਖੇਤਰੀ ਅਤੇ ਪੰਥਕ ਤਾਕਤਾਂ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ।

ਰੈਲੀ ਦੌਰਾਨ ਸੁਖਬੀਰ ਬਾਦਲ ਨੇ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਕਈ ਯੋਜਨਾਵਾਂ ਲਾਗੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦਰਿਆਵਾਂ ਵਿੱਚ ਗੰਦਾ ਪਾਣੀ ਜਾਣ ਤੋਂ ਰੋਕਣ ਲਈ ਕਦਮ ਚੁੱਕੇ ਜਾਣਗੇ ਅਤੇ ਹੜ੍ਹਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਦਰਿਆਵਾਂ ਨੂੰ ਚੈਨਲਾਈਜ਼ ਕੀਤਾ ਜਾਵੇਗਾ। ਬਿਨਾਂ ਟਿਊਬਵੈਲ ਕੁਨੈਕਸ਼ਨ ਵਾਲੇ ਕਿਸਾਨਾਂ ਨੂੰ ਕੁਨੈਕਸ਼ਨ ਦੇਣ, ਲਾਲ ਡੋਰੇ ਵਿੱਚ ਰਹਿਣ ਵਾਲਿਆਂ ਨੂੰ ਮਾਲਕੀ ਹੱਕ ਦੇਣ ਅਤੇ ਕਿਸਾਨਾਂ ਨੂੰ ਜ਼ਮੀਨ ਦੀ ਨਿੱਜੀ ਮਾਲਕੀ ਲਈ ਅਪਲਾਈ ਕਰਨ ਦੀ ਸਹੂਲਤ ਦੇਣ ਦਾ ਵੀ ਐਲਾਨ ਕੀਤਾ।

ਉਨ੍ਹਾਂ ਸ਼ਗਨ ਸਕੀਮ ਦੀ ਰਕਮ ਵਧਾ ਕੇ 1 ਲੱਖ ਰੁਪਏ, ਬੁਢਾਪਾ ਪੈਨਸ਼ਨ 3100 ਰੁਪਏ ਅਤੇ ਆਟਾ-ਦਾਲ ਸਕੀਮ ਤਹਿਤ 50 ਕਿਲੋ ਕਣਕ ਦੇਣ ਦਾ ਵਾਅਦਾ ਕੀਤਾ। ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਵਿਆਜ਼ ਮੁਕਤ ਕਰਜ਼ਾ, ਸਰਕਾਰੀ ਨੌਕਰੀਆਂ ਪੰਜਾਬੀਆਂ ਲਈ ਰਾਖਵੀਆਂ ਕਰਨ ਅਤੇ ਪ੍ਰਾਈਵੇਟ ਉਦਯੋਗਾਂ ਵਿੱਚ 75 ਫੀਸਦੀ ਨੌਕਰੀਆਂ ਪੰਜਾਬੀਆਂ ਨੂੰ ਦੇਣ ਦੀ ਗੱਲ ਵੀ ਕਹੀ। ਇਸ ਤੋਂ ਇਲਾਵਾ ਦੁੱਧ ਅਤੇ ਸਬਜ਼ੀਆਂ ਲਈ ਐਮਐਸਪੀ ਤੈਅ ਕਰਨ ਦਾ ਐਲਾਨ ਕੀਤਾ। ਰੈਲੀ ਨੂੰ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਸਰਬਜੀਤ ਸਿੰਘ ਝਿੰਜਰ ਅਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵੀ ਸੰਬੋਧਨ ਕੀਤਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande