
ਅੰਮ੍ਰਿਤਸਰ, 06 ਸਤੰਬਰ (ਹਿੰ.ਸ.)| ਅਜਨਾਲਾ ਖੇਤਰ ਵਿੱਚ ਆਪਸੀ ਵਿਵਾਦ ਤੋਂ ਬਾਅਦ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਕੁਲਜੀਤ ਸਿੰਘ ਵਾਸੀ ਪਿੰਡ ਡੱਲਾ ਰਾਜਪੂਤਾਂ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਇੱਕ ਦਿਨ ਪਹਿਲਾਂ ਹੋਏ ਵਿਵਾਦ ਦੀ ਰੰਜਿਸ਼ ਰੱਖਦਿਆਂ ਦੂਜੇ ਪੱਖ ਵੱਲੋਂ ਕੁਲਜੀਤ ਸਿੰਘ ’ਤੇ ਹਮਲਾ ਕੀਤਾ ਗਿਆ।ਪਰਿਵਾਰ ਮੁਤਾਬਕ ਵਿਵਾਦ ਦੀ ਸ਼ੁਰੂਆਤ ਇੱਕ ਦਿਨ ਪਹਿਲਾਂ ਸੜਕ ’ਤੇ ਬਾਈਕ ਰੁਕਣ ਨੂੰ ਲੈ ਕੇ ਹੋਈ ਸੀ। ਬਾਈਕ ਰਸਤੇ ਵਿੱਚ ਬੰਦ ਹੋ ਗਈ ਸੀ। ਇਸ ਦੌਰਾਨ ਦੂਜੇ ਪੱਖ ਦੇ ਲੋਕਾਂ ਨੇ ਬਾਈਕ ਨੂੰ ਸਾਈਡ ’ਤੇ ਕਰਨ ਲਈ ਕਿਹਾ, ਜਿਸ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਮਾਮੂਲੀ ਤਕਰਾਰ ਹੋ ਗਈ।ਇਸ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰ ਸੱਤਾ ਸਿੰਘ ਨੇ ਵਿਚ-ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਪਰਿਵਾਰ ਦਾ ਦੋਸ਼ ਹੈ ਕਿ ਸੱਤਾ ਸਿੰਘ ਨਾਲ ਵੀ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ।ਕੁਲਜੀਤ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੀ ਦਾਦੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਵੱਡੇ ਪੋਤੇ ਨਾਲ ਕੁੱਟਮਾਰ ਕੀਤੀ ਗਈ ਸੀ ਅਤੇ ਹੁਣ ਛੋਟੇ ਪੋਤੇ ਕੁਲਜੀਤ ਸਿੰਘ ਦੀ ਜਾਨ ਚਲੀ ਗਈ। ਪਰਿਵਾਰ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡੱਲਾ ਰਾਜਪੂਤਾਂ ਵਾਸੀ ਕੁਲਜੀਤ ਸਿੰਘ ਦੇ ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਸਿਵਲ ਹਸਪਤਾਲ ਪਹੁੰਚੀ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ।ਪੁਲਿਸ ਮੁਤਾਬਕ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪਰਿਵਾਰ ਵੱਲੋਂ ਜਿਨ੍ਹਾਂ ਵਿਅਕਤੀਆਂ ਦੇ ਨਾਮ ਦੱਸੇ ਜਾਣਗੇ, ਉਨ੍ਹਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਫਿਲਹਾਲ ਪੁਲਿਸ ਕੋਲ ਪਹਿਲਾਂ ਤੋਂ ਕਿਸੇ ਝਗੜੇ ਸਬੰਧੀ ਕੋਈ ਸੂਚਨਾ ਨਹੀਂ ਸੀ।
ਹਿੰਦੂਸਥਾਨ ਸਮਾਚਾਰ / GURSHARAN SINGH