ਪਠਾਨਕੋਟ ਪੁਲਿਸ ਵੱਲੋਂ 1.682 ਕਿਲੋ ਚਰਸ ਤੇ ਡਰੱਗ ਮਨੀ ਸਮੇਤ ਤਿੰਨ ਕਾਬੂ
ਚੰਬਾ ਦੇ ਦੋ ਨੌਜਵਾਨਾਂ ਤੋਂ 1.082 ਕਿਲੋ ਅਤੇ ਸੁਜਾਨਪੁਰ ਦੇ ਨੌਜਵਾਨ ਤੋਂ 600 ਗ੍ਰਾਮ ਚਰਸ ਬਰਾਮਦ ਪਠਾਨਕੋਟ, 07 ਸਤੰਬਰ (ਹਿੰ.ਸ.)| ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਤਹਿਤ ਪਠਾਨਕੋਟ ਅਤੇ ਸੁਜਾਨਪੁਰ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਵਿਅਕਤੀਆਂ ਨੂੰ ਚਰ
ਪਠਾਨਕੋਟ ਪੁਲਿਸ ਵੱਲੋਂ 1.682 ਕਿਲੋ ਚਰਸ ਤੇ ਡਰੱਗ ਮਨੀ ਸਮੇਤ ਤਿੰਨ ਕਾਬੂ


ਚੰਬਾ ਦੇ ਦੋ ਨੌਜਵਾਨਾਂ ਤੋਂ 1.082 ਕਿਲੋ ਅਤੇ ਸੁਜਾਨਪੁਰ ਦੇ ਨੌਜਵਾਨ ਤੋਂ 600 ਗ੍ਰਾਮ ਚਰਸ ਬਰਾਮਦ

ਪਠਾਨਕੋਟ, 07 ਸਤੰਬਰ (ਹਿੰ.ਸ.)| ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਤਹਿਤ ਪਠਾਨਕੋਟ ਅਤੇ ਸੁਜਾਨਪੁਰ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਵਿਅਕਤੀਆਂ ਨੂੰ ਚਰਸ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਕੁੱਲ 1 ਕਿਲੋ 682 ਗ੍ਰਾਮ ਚਰਸ, 12 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਕਥਿਤ ਤੌਰ ’ਤੇ ਤਸਕਰੀ ਲਈ ਵਰਤੀ ਜਾ ਰਹੀ ਸਫੈਦ ਰੰਗ ਦੀ ਆਲਟੋ ਕਾਰ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਹਿਲੇ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ-2 ਦੀ ਪੁਲਿਸ ਟੀਮ ਨੂੰ ਗਸ਼ਤ ਦੌਰਾਨ ਮੁਖ਼ਬਰ ਖ਼ਾਸ ਤੋਂ ਸੂਚਨਾ ਮਿਲੀ ਕਿ ਸਫੈਦ ਰੰਗ ਦੀ ਆਲਟੋ ਕਾਰ ਵਿੱਚ ਸਵਾਰ ਦੋ ਨੌਜਵਾਨ ਮਿਲਟਰੀ ਹਸਪਤਾਲ ਵੱਲ ਜਾਣ ਵਾਲੀ ਸਰਵਿਸ ਰੋਡ ’ਤੇ ਭਾਰੀ ਮਾਤਰਾ ਵਿੱਚ ਚਰਸ ਲੈ ਕੇ ਕਿਸੇ ਗਾਹਕ ਦੀ ਉਡੀਕ ਕਰ ਰਹੇ ਹਨ। ਸੂਚਨਾ ਮਿਲਣ ਉਪਰੰਤ ਏਐੱਸਆਈ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਮੌਕੇ ’ਤੇ ਘੇਰਾਬੰਦੀ ਕਰਕੇ ਕਾਰ ਸਵਾਰ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ।

ਪੁਲਿਸ ਮੁਤਾਬਕ ਮੁਲਜ਼ਮਾਂ ਦੀ ਪਛਾਣ ਗੁਲਜ਼ਾਰ ਮੁਹੰਮਦ ਵਾਸੀ ਪਿੰਡ ਖੇੜੀ, ਚੰਬਾ ਅਤੇ ਲਾਲ ਦੀਨ ਵਾਸੀ ਪਿੰਡ ਕਹਿਲਾ, ਚੰਬਾ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਕਾਰ ਦੀ ਤਲਾਸ਼ੀ ਦੌਰਾਨ ਕੰਡਕਟਰ ਸੀਟ ਦੇ ਕੋਲ ਰੱਖੇ ਕਾਲੇ ਲਿਫਾਫੇ ਵਿੱਚੋਂ 1 ਕਿਲੋ 82 ਗ੍ਰਾਮ ਚਰਸ ਬਰਾਮਦ ਹੋਈ। ਦੂਜੇ ਮਾਮਲੇ ਵਿੱਚ ਸੁਜਾਨਪੁਰ ਪੁਲਿਸ ਨੇ ਰੇਲਵੇ ਰੋਡ ’ਤੇ ਪੀਰ ਬਾਬਾ ਦਰਗਾਹ ਨੇੜੇ ਗਸ਼ਤ ਦੌਰਾਨ ਇੱਕ ਨੌਜਵਾਨ ਨੂੰ 600 ਗ੍ਰਾਮ ਚਰਸ ਅਤੇ 12 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ। ਏਐੱਸਆਈ ਨਰੇਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਨੂੰ ਦੇਖ ਕੇ ਨੌਜਵਾਨ ਘਬਰਾ ਗਿਆ ਅਤੇ ਉਸ ਨੇ ਹੱਥ ਵਿੱਚ ਫੜਿਆ ਮੋਮੀ ਲਿਫਾਫਾ ਘਾਹ ਵਿੱਚ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਕਰਮਚਾਰੀਆਂ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ।

ਮੁਲਜ਼ਮ ਦੀ ਪਛਾਣ ਸਚਿਨ ਗੁਪਤਾ ਉਰਫ਼ ਬਾਬਾ ਵਾਸੀ ਝਲਾਕੜੀ ਮੁਹੱਲਾ, ਸੁਜਾਨਪੁਰ ਵਜੋਂ ਹੋਈ। ਪੁਲਿਸ ਵੱਲੋਂ ਘਾਹ ਵਿੱਚ ਸੁੱਟੇ ਲਿਫਾਫੇ ਦੀ ਜਾਂਚ ਕਰਨ ’ਤੇ ਉਸ ਵਿੱਚੋਂ 600 ਗ੍ਰਾਮ ਚਰਸ ਅਤੇ 12 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਬਰਾਮਦ ਨਸ਼ੀਲਾ ਪਦਾਰਥ, ਡਰੱਗ ਮਨੀ ਅਤੇ ਵਾਹਨ ਕਬਜ਼ੇ ਵਿੱਚ ਲੈ ਲਏ ਹਨ। ਪੁਲਿਸ ਵੱਲੋਂ ਮੁਲਜ਼ਮਾਂ ਦੇ ਪਿਛਲੇ ਅਤੇ ਅਗਲੇ ਸਬੰਧਾਂ ਦੀ ਜਾਂਚ ਕਰਦਿਆਂ ਨਸ਼ਾ ਤਸਕਰੀ ਦੇ ਬੈਕਵਰਡ ਅਤੇ ਫਾਰਵਰਡ ਲਿੰਕੇਜ ਦਾ ਪਤਾ ਲਗਾਉਣ ਲਈ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande