
ਪੂਰੇ ਹਫ਼ਤੇ ਕੋਈ ਮੌਸਮੀ ਅਲਰਟ ਨਹੀਂ; ਚੰਡੀਗੜ੍ਹ ’ਚ ਦਿਨ ਭਰ ਬੱਦਲ ਛਾਏ ਰਹਿਣ ਦੀ ਸੰਭਾਵਨਾ, ਗਰਮੀ ਤੇ ਹੁੰਮਸ ਵਧੇਗੀ
ਚੰਡੀਗੜ੍ਹ, 07 ਸਤੰਬਰ (ਹਿੰ.ਸ.)| ਪੰਜਾਬ ਅਤੇ ਚੰਡੀਗੜ੍ਹ ਦੇ ਵੱਖ-ਵੱਖ ਇਲਾਕਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਹੁਣ ਘਟਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਪੂਰੇ ਹਫ਼ਤੇ ਲਈ ਮੀਂਹ ਸਬੰਧੀ ਕੋਈ ਅਲਰਟ ਜਾਰੀ ਨਹੀਂ ਕੀਤਾ। ਹਾਲਾਂਕਿ ਅੱਜ 7 ਸਤੰਬਰ ਨੂੰ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਵਿੱਚ ਦਿਨ ਭਰ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਗਰਮੀ ਅਤੇ ਹੁੰਮਸ ਵਧ ਸਕਦੀ ਹੈ।
ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਪਿਛਲੇ ਦਿਨ ਦੇ ਮੁਕਾਬਲੇ 0.1 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹੁਣ ਸੂਬੇ ਵਿੱਚ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ ਹੈ। ਬਠਿੰਡਾ ਵਿੱਚ ਸਭ ਤੋਂ ਵੱਧ 35.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜਦਕਿ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 34.4 ਡਿਗਰੀ ਸੈਲਸੀਅਸ ਰਿਹਾ।
ਮੌਸਮ ਵਿਗਿਆਨ ਕੇਂਦਰ ਮੁਤਾਬਕ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਇਸ ਤੋਂ ਇਲਾਵਾ ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ, ਮੋਹਾਲੀ, ਸੰਗਰੂਰ ਅਤੇ ਮਾਨਸਾ ਵਿੱਚ ਇੱਕ-ਦੋ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਪਹਿਲਾਂ ਐਤਵਾਰ ਨੂੰ ਰੂਪਨਗਰ ਵਿੱਚ 4.5 ਐਮਐਮ, ਪਠਾਨਕੋਟ ਵਿੱਚ 7.5 ਐਮਐਮ, ਲੁਧਿਆਣਾ ਵਿੱਚ 0.5 ਐਮਐਮ, ਹੁਸ਼ਿਆਰਪੁਰ ਵਿੱਚ 3 ਐਮਐਮ, ਫਿਰੋਜ਼ਪੁਰ ਵਿੱਚ 0.5 ਐਮਐਮ ਅਤੇ ਬਠਿੰਡਾ ਵਿੱਚ 1 ਐਮਐਮ ਬਾਰਿਸ਼ ਦਰਜ ਕੀਤੀ ਗਈ। ਅੰਮ੍ਰਿਤਸਰ ਵਿੱਚ ਵੀ ਮੀਂਹ ਪਿਆ, ਪਰ ਇਸ ਦਾ ਅਧਿਕਾਰਤ ਰਿਕਾਰਡ ਉਪਲਬਧ ਨਹੀਂ ਹੋ ਸਕਿਆ।
ਮੌਸਮ ਵਿਭਾਗ ਅਨੁਸਾਰ ਮਾਨਸੂਨ ਟਰਫ ਪੰਜਾਬ ਦੇ ਨੇੜਿਓਂ ਲੰਘ ਰਹੀ ਹੈ, ਜਿਸ ਦੇ ਪ੍ਰਭਾਵ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ। ਕਸ਼ਮੀਰ ਉੱਪਰ ਪੱਛਮੀ ਵਿਗਾੜ ਵੀ ਸਰਗਰਮ ਹੈ, ਜਦਕਿ ਉੱਪਰੀ ਪੱਧਰ ’ਤੇ ਇੱਕ ਨਵਾਂ ਪੱਛਮੀ ਵਿਗਾੜ ਬਣ ਰਿਹਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH