
ਨਵੀਂ ਦਿੱਲੀ, 08 ਸਤੰਬਰ (ਹਿੰ.ਸ.)। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਦੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਚੇਅਰਮੈਨ ਪਵਨ ਖੇੜਾ ਨੇ ਮਣੀਪੁਰ ਦੇ ਮਸ਼ਹੂਰ ਸੰਗੀਤਕਾਰ ਚੋਂਗਥਮ ਵਿਕਰਮ ਸਿੰਘ ਦੀ ਦਿੱਲੀ 'ਚ ਕਥਿਤ ਕੁੱਟਮਾਰ ਤੋਂ ਬਾਅਦ ਹੋਈ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਾਂਗਰਸੀ ਆਗੂਆਂ ਨੇ ਮਾਮਲੇ ਦੀ ਜਲਦੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਮਲਿਕਾਅਰਜੁਨ ਖੜਗੇ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਿਹਾ ਕਿ ਭੀੜ ਦੁਆਰਾ ਚੋਂਗਥਮ ਵਿਕਰਮ ਸਿੰਘ ਦੀ ਬੇਰਹਿਮੀ ਨਾਲ ਹੱਤਿਆ ਭਾਜਪਾ ਦੇ ਸ਼ਾਸਨ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਨਾਲ ਜੁੜੀ ਇਕ ਹੋਰ ਗੰਭੀਰ ਘਟਨਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਸੁਰੱਖਿਅਤ ਨਹੀਂ ਹਨ, ਔਰਤਾਂ 'ਤੇ ਅੱਤਿਆਚਾਰ ਹੋ ਰਹੇ ਹਨ ਅਤੇ ਉੱਤਰ-ਪੂਰਬ ਦੇ ਲੋਕਾਂ ਨਾਲ ਵਿਤਕਰੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
ਖੜਗੇ ਨੇ ਦਿੱਲੀ ਵਿੱਚ ਅਪਰਾਧ ਦੀ ਸਥਿਤੀ ਲਈ ਜਵਾਬਦੇਹੀ ਦੀ ਮੰਗ ਕਰਦੇ ਹੋਏ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਚੋਂਗਥਮ ਵਿਕਰਮ ਸਿੰਘ ਆਪਣੇ ਘਰ ਦੇ ਬਾਹਰ ਕੁਝ ਲੋਕਾਂ ਨੂੰ ਰੌਲਾ ਘੱਟ ਕਰਨ ਲਈ ਕਹਿਣ ਗਏ ਸਨ, ਪਰ ਉਨ੍ਹਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਘਟਨਾ ਦਿੱਲੀ ਵਿੱਚ ਰਹਿਣ ਵਾਲੇ ਉੱਤਰ-ਪੂਰਬ ਦੇ ਪਰਿਵਾਰਾਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰਦੀ ਹੈ। ਰਾਹੁਲ ਨੇ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਮੰਗ ਕੀਤੀ।
ਪਵਨ ਖੇੜਾ ਨੇ ਕਿਹਾ ਕਿ ਭਾਵੇਂ ਇਹ ਪਹਿਲੀ ਨਜ਼ਰ 'ਤੇ ਸ਼ਰਾਬ ਪੀ ਕੇ ਹਿੰਸਾ ਦੀ ਅਲੱਗ-ਥਲੱਗ ਘਟਨਾ ਜਾਪਦੀ ਹੈ, ਪਰ ਇਹ ਵਿਆਪਕ ਸਮਾਜਿਕ ਅਤੇ ਪ੍ਰਸ਼ਾਸਨਿਕ ਅਸਫਲਤਾਵਾਂ ਨੂੰ ਵੀ ਦਰਸਾਉਂਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਸਾਲਾਂ ਦੌਰਾਨ, ਨਿਯਮਾਂ ਦੀ ਅਣਦੇਖੀ, ਜਨਤਕ ਅਰਾਜਕਤਾ ਅਤੇ ਕਾਨੂੰਨ ਦੇ ਅਸਮਾਨ ਲਾਗੂਕਰਨ ਨੂੰ ਆਮ ਬਣਾਇਆ ਗਿਆ ਹੈ, ਜਿਸ ਨਾਲ ਸਜ਼ਾ ਤੋਂ ਬਚਣ ਦਾ ਸੱਭਿਆਚਾਰ ਪੈਦਾ ਹੋਇਆ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ