
ਪਟਿਆਲਾ, 08 ਸਤੰਬਰ (ਹਿੰ.ਸ.)| ਸਾਫ਼ ਹਵਾ ਅਤੇ ਸਾਫ਼-ਸੁਥਰੇ ਵਾਤਾਵਰਣ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨਗਰ ਨਿਗਮ ਦੇ ਸਹਿਯੋਗ ਨਾਲ ‘ਮਿਸ਼ਨ ਕਲੀਨ ਪਟਿਆਲਾ’ ਤਹਿਤ ਨਾਭਾ ਰੋਡ ’ਤੇ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਇਹ ਪਹਿਲਕਦਮੀ ‘ਨੀਲੇ ਅਸਮਾਨ ਲਈ ਸਾਫ਼ ਹਵਾ ਦੇ ਅੰਤਰਰਾਸ਼ਟਰੀ ਦਿਵਸ’ ਦੀ ਭਾਵਨਾ ਨੂੰ ਸਮਰਪਿਤ ਰਹੀ।
ਮੁਹਿੰਮ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ, ਵਿਧਾਇਕ ਅਜੀਤ ਪਾਲ ਸਿੰਘ ਕੋਹਲੀ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਿੱਸਾ ਲਿਆ। ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ, ਲੋਕ ਨਿਰਮਾਣ ਵਿਭਾਗ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀ ਵੀ ਸਫ਼ਾਈ ਕਾਰਜ ਵਿੱਚ ਸ਼ਾਮਲ ਰਹੇ।
ਇਸ ਦੌਰਾਨ ਬਲੋਸਮ ਸਕੂਲ ਅਤੇ ਸਰਕਾਰੀ ਆਈਟੀਆਈ ਦੇ ਵਿਦਿਆਰਥੀਆਂ ਨੇ ਵੀ ਸਰਗਰਮੀ ਨਾਲ ਹਿੱਸਾ ਲੈਂਦਿਆਂ ਵਾਤਾਵਰਣ ਦੀ ਸੰਭਾਲ ਲਈ ਨੌਜਵਾਨਾਂ ਦੀ ਜ਼ਿੰਮੇਵਾਰੀ ਦਾ ਸੰਦੇਸ਼ ਦਿੱਤਾ। ਚੇਅਰਪਰਸਨ ਰੀਨਾ ਗੁਪਤਾ ਨੇ ਦੱਸਿਆ ਕਿ ਸਾਂਝੇ ਯਤਨਾਂ ਨਾਲ ਨਾਭਾ ਰੋਡ ਦੇ ਇੱਕ ਹਿੱਸੇ ਵਿੱਚੋਂ 1,640 ਕਿਲੋਗ੍ਰਾਮ ਕੂੜਾ ਇਕੱਠਾ ਕਰਕੇ ਹਟਾਇਆ ਗਿਆ।
ਮੁਹਿੰਮ ਦੌਰਾਨ ਸੜਕ ਕਿਨਾਰੇ ਕੰਮ ਕਰ ਰਹੇ ਸਟਰੀਟ ਵੈਂਡਰਾਂ ਨੂੰ ਵੀ ਕੂੜੇ ਦਾ ਢੁੱਕਵਾਂ ਨਿਪਟਾਰਾ ਕਰਨ ਅਤੇ ਆਪਣੇ ਆਲੇ-ਦੁਆਲੇ ਸਫ਼ਾਈ ਬਣਾਈ ਰੱਖਣ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਨੂੰ ਕਿਹਾ ਗਿਆ ਕਿ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਦੀ ਬਜਾਏ ਇਸ ਨੂੰ ਨਿਰਧਾਰਤ ਥਾਵਾਂ ’ਤੇ ਪਹੁੰਚਾਇਆ ਜਾਵੇ, ਤਾਂ ਜੋ ਵਾਤਾਵਰਣ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।
ਰੀਨਾ ਗੁਪਤਾ ਨੇ ਕਿਹਾ ਕਿ ਸੜਕਾਂ ਅਤੇ ਖੁੱਲ੍ਹੀਆਂ ਥਾਵਾਂ ’ਤੇ ਪਿਆ ਕੂੜਾ ਸਿਰਫ਼ ਗੰਦਗੀ ਦਾ ਕਾਰਨ ਨਹੀਂ ਬਣਦਾ, ਸਗੋਂ ਇਸ ਦੇ ਸਾੜੇ ਜਾਣ ਨਾਲ ਹਵਾ ਵਿੱਚ ਬਾਰੀਕ ਕਣ, ਬਲੈਕ ਕਾਰਬਨ ਅਤੇ ਹੋਰ ਹਾਨੀਕਾਰਕ ਪ੍ਰਦੂਸ਼ਕ ਵੀ ਫੈਲ ਸਕਦੇ ਹਨ। ਉਨ੍ਹਾਂ ਕਿਹਾ ਕਿ ਕੂੜੇ ਨੂੰ ਇਕੱਠਾ ਕਰਕੇ ਵੱਖਰਾ ਕਰਨ ਅਤੇ ਸਹੀ ਢੰਗ ਨਾਲ ਪ੍ਰੋਸੈਸਿੰਗ ਲਈ ਭੇਜਣ ਨਾਲ ਇਸ ਨੂੰ ਖੁੱਲ੍ਹੇ ਵਿੱਚ ਸਾੜਨ ਦੀ ਸੰਭਾਵਨਾ ਘਟਦੀ ਹੈ।
ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ‘ਮਿਸ਼ਨ ਕਲੀਨ ਪਟਿਆਲਾ’ ਨੂੰ ਇੱਕ ਦਿਨ ਦੀ ਮੁਹਿੰਮ ਤੱਕ ਸੀਮਤ ਨਾ ਰੱਖਦਿਆਂ ਨਿਰੰਤਰ ਭਾਈਚਾਰਕ ਅੰਦੋਲਨ ਵਜੋਂ ਅੱਗੇ ਵਧਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਬੋਰਡ ਨੇ ਕਿਹਾ ਕਿ ਸਰਕਾਰੀ ਵਿਭਾਗਾਂ, ਨਗਰ ਨਿਗਮ, ਵਿਦਿਅਕ ਸੰਸਥਾਵਾਂ ਅਤੇ ਆਮ ਲੋਕਾਂ ਦੀ ਸਾਂਝੀ ਭਾਗੀਦਾਰੀ ਨਾਲ ਸਫ਼ਾਈ ਅਤੇ ਵਾਤਾਵਰਣ ਸੰਭਾਲ ਦੇ ਯਤਨਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH