

ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰਨ ਤੋਂ ਬੈਰੀਕੇਡ ਲਗਾ ਕੇ ਰੋਕਿਆ ਗਿਆ
ਗੁਜਰਾਤ ਜਿੱਤ ਲਈ ਭਾਜਪਾ ਅਤੇ 'ਆਪ' ਵਿਚਕਾਰ ਗੁਪਤ ਸਮਝੌਤਾ: ਵੜਿੰਗ
ਚੰਡੀਗੜ੍ਹ, 08 ਸਤੰਬਰ (ਹਿੰ.ਸ.)| ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸੂਬੇ ਭਰ ਤੋਂ ਆਏ ਹਜ਼ਾਰਾਂ ਕਾਂਗਰਸੀ ਵਰਕਰਾਂ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸ ਭਵਨ ਦੇ ਬਾਹਰ ਇਕੱਠੇ ਹੋਏ ਵਰਕਰਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਸ਼ੁਰੂ ਕੀਤਾ, ਪਰ ਪੁਲਿਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ।
ਵਰਕਰਾਂ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਦਿੜ੍ਹਬਾ ਦੇ ਗੁਲਜ਼ਾਰ ਸਿੰਘ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਅਹੁਦੇ ਤੋਂ ਬਰਖ਼ਾਸਤ ਕਰਨ ਅਤੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਗੁਲਜ਼ਾਰ ਸਿੰਘ ਨੇ ਆਪਣੇ ਆਖਰੀ ਬਿਆਨ ਵਿੱਚ ਚੀਮਾ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਹ ਦੋਸ਼ ਕਾਂਗਰਸ ਆਗੂ ਵੱਲੋਂ ਲਗਾਏ ਗਏ ਹਨ।
ਵੜਿੰਗ ਨੇ ਸ਼ੇਰੋਂ ਪਿੰਡ ਦੇ ਮੋਹਨਜੀਤ ਸਿੰਘ ਨਾਲ ਕਥਿਤ ਪੁਲਿਸ ਤਸ਼ੱਦਦ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਡਰਾਉਣ ਦੀ ਬਜਾਏ ਸਰਕਾਰ ਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਉਨ੍ਹਾਂ ਇੱਕ ਜਿਨਸੀ ਅਪਰਾਧ ਦੇ ਮੁਲਜ਼ਮ ਨੂੰ ਕਥਿਤ ਸਰਪ੍ਰਸਤੀ ਦੇਣ ਦੇ ਮਾਮਲੇ ਵਿੱਚ ਵੀ ਮੁੱਖ ਮੰਤਰੀ ਤੋਂ ਜਵਾਬ ਮੰਗਿਆ।
ਪੀਸੀਸੀ ਪ੍ਰਧਾਨ ਨੇ ਦੋਸ਼ ਲਾਇਆ ਕਿ ਭਾਜਪਾ ਅਤੇ ‘ਆਪ’ ਵਿਚਾਲੇ ਗੁਪਤ ਸਿਆਸੀ ਸਮਝੌਤਾ ਹੈ, ਜਿਸ ਤਹਿਤ ਗੁਜਰਾਤ ਅਤੇ ਪੰਜਾਬ ਵਿੱਚ ਇੱਕ-ਦੂਜੇ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਈਡੀ ਅਤੇ ਪੰਜਾਬ ਪੁਲਿਸ ਦੀ ਕਾਰਵਾਈ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਸਾਰਿਆਂ ਲਈ ਇੱਕੋ ਜਿਹੇ ਮਾਪਦੰਡ ਹੋਣੇ ਚਾਹੀਦੇ ਹਨ।
ਗੁਰਪ੍ਰੀਤ ਸਿੰਘ ਸੇਖੋਂ ਨੂੰ ‘ਆਪ’ ਵਿੱਚ ਸ਼ਾਮਲ ਕਰਨ ਦੇ ਮਾਮਲੇ ’ਤੇ ਵੜਿੰਗ ਨੇ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਮੁਤਾਬਕ, ਸੇਖੋਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਜਾ ਚੁੱਕੀ ਹੈ ਅਤੇ ਹਾਈਕੋਰਟ ਵੱਲੋਂ ਸਜ਼ਾ ’ਤੇ ਰੋਕ ਕਾਰਨ ਉਹ ਬਾਹਰ ਹੈ। ਉਨ੍ਹਾਂ ਸਰਕਾਰੀ ਮੁਲਾਜ਼ਮਾਂ ਦੇ ਬਕਾਇਆ ਡੀਏ ਦਾ ਮੁੱਦਾ ਵੀ ਉਠਾਇਆ।
ਵੜਿੰਗ ਨੇ ਕਾਂਗਰਸ ਪ੍ਰਤੀ ਆਪਣੀ ਵਫ਼ਾਦਾਰੀ ਦੁਹਰਾਉਂਦਿਆਂ ਵਰਕਰਾਂ ਨੂੰ ਆਗਾਮੀ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਉਹ ਅਗਲੇ ਸਮੇਂ ਮੁੱਖ ਮੰਤਰੀ ਦੇ ਪ੍ਰੋਗਰਾਮਾਂ ਦੌਰਾਨ ਵੀ ਕਾਲੇ ਝੰਡਿਆਂ ਨਾਲ ਵਿਰੋਧ ਦਰਜ ਕਰਵਾਉਣਗੇ।
ਇਸ ਮੌਕੇ ਹਾਜ਼ਰ ਸੀਨੀਅਰ ਆਗੂਆਂ ਵਿੱਚ ਰਾਣਾ ਕੇ.ਪੀ. ਸਿੰਘ, ਅਮਿਤ ਵਿੱਜ, ਬਲਬੀਰ ਸਿੰਘ ਸਿੱਧੂ, ਬ੍ਰਹਮ ਮਹਿੰਦਰਾ, ਕੁਲਜੀਤ ਸਿੰਘ ਨਾਗਰਾ, ਸ਼ਮਸ਼ੇਰ ਸਿੰਘ ਡੂਲੋ, ਗੁਰਜੀਤ ਔਜਲਾ, ਦਲਵੀਰ ਗੋਲਡੀ, ਡਾ. ਰਾਜ ਕੁਮਾਰ ਵੇਰਕਾ, ਹਰਦਿਆਲ ਕੰਬੋਜ, ਕੈਪਟਨ ਸੰਦੀਪ ਸੰਧੂ, ਸਾਧੂ ਸਿੰਘ ਧਰਮਸੋਤ, ਨਿਸ਼ਾਤ ਅਖ਼ਤਰ, ਸੁਖਵਿੰਦਰ ਡੈਨੀ, ਹਰੀ ਖਾਈ, ਲਖਵੀਰ ਲੱਖਾ, ਸ਼ਾਮ ਸੁੰਦਰ ਅਰੋੜਾ, ਮਮਤਾ ਦੱਤਾ, ਕੁਲਬੀਰ ਜ਼ੀਰਾ, ਰਾਕੇਸ਼ ਪਾਂਡੇ, ਪਵਨ ਦੀਵਾਨ, ਸੁਨੀਲ ਦੱਤੀ, ਪਵਨ ਆਦੀਆ, ਮੋਹਿਤ ਮਹਿੰਦਰਾ ਅਤੇ ਹੋਰ ਸ਼ਾਮਲ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH