
ਚੰਡੀਗੜ੍ਹ, 08 ਸਤੰਬਰ (ਹਿੰ.ਸ.)| ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਬਾਗਬਾਨੀ ਵਿਭਾਗ ਰਾਹੀਂ ਆਲੂ ਦੀਆਂ ਉੱਨਤ ਅਤੇ ਰੋਗ-ਰੋਧਕ ਕਿਸਮਾਂ ਦੇ ਮਿਆਰੀ ਬੀਜ ਮੁਹੱਈਆ ਕਰਵਾਏ ਜਾ ਰਹੇ ਹਨ। ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਦੱਸਿਆ ਕਿ ਕਰਨਾਲ ਦੇ ਸ਼ਾਮਗੜ੍ਹ ਸਥਿਤ ਆਲੂ ਤਕਨਾਲੋਜੀ ਕੇਂਦਰ ਤੋਂ ਕਿਸਾਨਾਂ ਨੂੰ ਅਰਲੀ ਜਨਰੇਸ਼ਨ ਸੀਡ ਅਤੇ ਮਿਨੀਟਿਊਬਰਜ਼ ਉਪਲਬਧ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਕੁਫ਼ਰੀ ਪੁਖਰਾਜ, ਕੁਫ਼ਰੀ ਮੋਹਨ, ਕੁਫ਼ਰੀ ਖਿਆਤੀ, ਕੁਫ਼ਰੀ ਚਿਪਸੋਨਾ ਅਤੇ ਕੁਫ਼ਰੀ ਫ੍ਰਾਈਸੋਨਾ ਵਰਗੀਆਂ ਉੱਚ ਉਤਪਾਦਕਤਾ ਵਾਲੀਆਂ ਕਿਸਮਾਂ ਦੇ ਮਿਆਰੀ ਬੀਜ ਪਾਰਦਰਸ਼ੀ ਪ੍ਰਬੰਧ ਤਹਿਤ ਦਿੱਤੇ ਜਾ ਰਹੇ ਹਨ। ਕਿਸਾਨ ਬਾਗਬਾਨੀ ਵਿਭਾਗ ਦੇ ਅਧਿਕਾਰਤ ਪੋਰਟਲ ਰਾਹੀਂ ਘਰ ਬੈਠੇ ਬੀਜਾਂ ਦੀ ਆਨਲਾਈਨ ਬੁਕਿੰਗ ਕਰ ਸਕਦੇ ਹਨ।
ਮੰਤਰੀ ਨੇ ਕਿਹਾ ਕਿ ਪ੍ਰਮਾਣਿਤ ਅਤੇ ਵਾਇਰਸ-ਮੁਕਤ ਬੀਜਾਂ ਦੀ ਵਰਤੋਂ ਨਾਲ ਪ੍ਰਤੀ ਏਕੜ ਝਾੜ ਵਿੱਚ ਵਾਧਾ ਹੋਣ ਦੇ ਨਾਲ ਫ਼ਸਲ ਦੀ ਗੁਣਵੱਤਾ ਵੀ ਬਿਹਤਰ ਹੋਵੇਗੀ। ਇਸ ਨਾਲ ਕਿਸਾਨਾਂ ਨੂੰ ਬਾਜ਼ਾਰ ਵਿੱਚ ਆਪਣੀ ਪੈਦਾਵਾਰ ਦਾ ਵਧੀਆ ਭਾਅ ਮਿਲਣ ਅਤੇ ਸ਼ੁੱਧ ਆਮਦਨ ਵਧਣ ਦੀ ਉਮੀਦ ਹੈ।
ਉਨ੍ਹਾਂ ਅਨੁਸਾਰ ਆਲੂ ਤਕਨਾਲੋਜੀ ਕੇਂਦਰ ਵਿੱਚ ਅਰਲੀ ਜਨਰੇਸ਼ਨ ਸੀਡ (ਈਅਰ-3) ਤਹਿਤ ਕੁਫ਼ਰੀ ਪੁਖਰਾਜ ਦੇ 1276 ਕੁਇੰਟਲ ਸੀਡ ਸਾਈਜ਼, 298.5 ਕੁਇੰਟਲ ਅੰਡਰ ਸਾਈਜ਼ ਅਤੇ 157 ਕੁਇੰਟਲ ਓਵਰ ਸਾਈਜ਼ ਬੀਜ ਉਪਲਬਧ ਹਨ। ਇਸੇ ਤਰ੍ਹਾਂ ਈਅਰ-4 ਵਿੱਚ ਕੁਫ਼ਰੀ ਮੋਹਨ ਦੇ 255.5 ਕੁਇੰਟਲ ਸੀਡ ਸਾਈਜ਼, 9 ਕੁਇੰਟਲ ਅੰਡਰ ਸਾਈਜ਼ ਅਤੇ 210 ਕੁਇੰਟਲ ਓਵਰ ਸਾਈਜ਼ ਬੀਜ ਮੌਜੂਦ ਹਨ।
ਪੀ.ਟੀ.ਸੀ.ਐੱਮ.ਟੀ. ਸ਼੍ਰੇਣੀ ਵਿੱਚ ਕੁਫ਼ਰੀ ਉਦੈ ਦੇ 25 ਹਜ਼ਾਰ, ਕੁਫ਼ਰੀ ਚਿਪਸੋਨਾ-1 ਦੇ 8 ਹਜ਼ਾਰ, ਕੁਫ਼ਰੀ ਹਿਮਾਲਿਨੀ ਦੇ 11 ਹਜ਼ਾਰ ਅਤੇ ਕੁਫ਼ਰੀ ਫ੍ਰਾਈਸੋਨਾ ਦੇ 75 ਹਜ਼ਾਰ ਮਿਨੀਟਿਊਬਰਜ਼ ਉਪਲਬਧ ਹਨ।
ਸ਼ਿਆਮ ਸਿੰਘ ਰਾਣਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਲੋੜ ਮੁਤਾਬਕ ਸਮੇਂ ਸਿਰ ਆਨਲਾਈਨ ਬੁਕਿੰਗ ਕਰਵਾਉਣ। ਵਧੇਰੇ ਜਾਣਕਾਰੀ ਜਾਂ ਤਕਨੀਕੀ ਸਹਾਇਤਾ ਲਈ 8619199628 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH