ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਨਿਰਦੇਸ਼, ਮੋਬਾਈਲ-ਸਿਮ ਵੇਚਣ ਲਈ ਗਾਹਕ ਦੀ ਪਛਾਣ ਲਾਜ਼ਮੀ
ਪਾਰਕਿੰਗ ਸਥਾਨਾਂ ’ਤੇ ਸੀਸੀਟੀਵੀ ਅਤੇ ਰਿਕਾਰਡ ਰੱਖਣਾ ਹੋਵੇਗਾ ਅੰਮ੍ਰਿਤਸਰ, 08 ਸਤੰਬਰ (ਹਿੰ.ਸ.)| ਅੰਮ੍ਰਿਤਸਰ ਸ਼ਹਿਰ ਵਿੱਚ ਅਮਨ-ਕਾਨੂੰਨ ਅਤੇ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ, ਆਈਪੀਐਸ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 16
ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ


ਪਾਰਕਿੰਗ ਸਥਾਨਾਂ ’ਤੇ ਸੀਸੀਟੀਵੀ ਅਤੇ ਰਿਕਾਰਡ ਰੱਖਣਾ ਹੋਵੇਗਾ

ਅੰਮ੍ਰਿਤਸਰ, 08 ਸਤੰਬਰ (ਹਿੰ.ਸ.)| ਅੰਮ੍ਰਿਤਸਰ ਸ਼ਹਿਰ ਵਿੱਚ ਅਮਨ-ਕਾਨੂੰਨ ਅਤੇ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ, ਆਈਪੀਐਸ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਤਹਿਤ ਕਈ ਅਹਿਮ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਰਾਹੀਂ ਰੈਸਟੋਰੈਂਟਾਂ ਅਤੇ ਕਲੱਬਾਂ ਦੇ ਸਮੇਂ, ਸੜਕਾਂ ’ਤੇ ਨਾਜਾਇਜ਼ ਕਬਜ਼ਿਆਂ, ਪਟਾਕਿਆਂ, ਮੋਬਾਈਲ-ਸਿਮ ਦੀ ਵਿਕਰੀ, ਵਾਹਨਾਂ ਵਿੱਚ ਹਥਿਆਰ ਰੱਖਣ, ਸੁਰੱਖਿਆ ਬਲਾਂ ਦੀਆਂ ਵਰਦੀਆਂ ਦੀ ਵਿਕਰੀ ਅਤੇ ਪਾਰਕਿੰਗ ਸਥਾਨਾਂ ਦੀ ਸੁਰੱਖਿਆ ਸਬੰਧੀ ਨਿਯਮ ਤੈਅ ਕੀਤੇ ਗਏ ਹਨ।

ਹੁਕਮਾਂ ਮੁਤਾਬਕ ਕਮਿਸ਼ਨਰੇਟ ਅੰਮ੍ਰਿਤਸਰ ਅਧੀਨ ਆਉਂਦੇ ਰੈਸਟੋਰੈਂਟ, ਖਾਣ-ਪੀਣ ਵਾਲੀਆਂ ਥਾਵਾਂ ਅਤੇ ਕਲੱਬਾਂ ਵਿੱਚ ਰਾਤ 11:30 ਵਜੇ ਤੋਂ ਬਾਅਦ ਨਵੇਂ ਆਰਡਰ ਨਹੀਂ ਲਏ ਜਾ ਸਕਣਗੇ ਅਤੇ ਨਵੇਂ ਗਾਹਕਾਂ ਨੂੰ ਦਾਖ਼ਲਾ ਨਹੀਂ ਦਿੱਤਾ ਜਾਵੇਗਾ। ਸਾਰੇ ਅਜਿਹੇ ਅਦਾਰੇ ਰਾਤ 12 ਵਜੇ ਤੱਕ ਪੂਰੀ ਤਰ੍ਹਾਂ ਬੰਦ ਕਰਨੇ ਹੋਣਗੇ। ਸ਼ਰਾਬ ਦੇ ਠੇਕਿਆਂ ਨਾਲ ਸਬੰਧਤ ਅਹਾਤਿਆਂ ਨੂੰ ਵੀ ਨਿਰਧਾਰਤ ਲਾਇਸੈਂਸ ਸ਼ਰਤਾਂ ਅਨੁਸਾਰ ਬੰਦ ਕਰਨਾ ਲਾਜ਼ਮੀ ਹੋਵੇਗਾ।

ਹੁਕਮਾਂ ਵਿੱਚ ਆਵਾਜ਼ ਪ੍ਰਦੂਸ਼ਣ ਨੂੰ ਲੈ ਕੇ ਵੀ ਸਖ਼ਤੀ ਕੀਤੀ ਗਈ ਹੈ। ਡੀਜੇ, ਲਾਈਵ ਆਰਕੈਸਟਰਾ, ਗਾਇਕ ਅਤੇ ਹੋਰ ਧੁਨੀ ਪੈਦਾ ਕਰਨ ਵਾਲੇ ਸਰੋਤ ਰਾਤ 10 ਵਜੇ ਤੱਕ ਬੰਦ ਕਰਨ ਜਾਂ ਆਵਾਜ਼ ਘੱਟ ਕਰਨ ਦੇ ਨਿਰਦੇਸ਼ ਹਨ। ਇਸ ਤੋਂ ਬਾਅਦ ਕਿਸੇ ਅਦਾਰੇ ਜਾਂ ਕੈਂਪਸ ਦੇ ਅੰਦਰੋਂ ਆਉਣ ਵਾਲੀ ਆਵਾਜ਼ ਬਾਹਰ ਸੁਣਾਈ ਨਹੀਂ ਦੇਣੀ ਚਾਹੀਦੀ। ਸੰਗੀਤ ਪ੍ਰਣਾਲੀ ਵਾਲੇ ਵਾਹਨਾਂ ਨੂੰ ਵੀ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਆਵਾਜ਼ ਵਾਹਨ ਤੋਂ ਬਾਹਰ ਨਾ ਸੁਣਾਈ ਦੇਵੇ।

ਸ਼ਹਿਰ ਦੀਆਂ ਸੜਕਾਂ ਅਤੇ ਫੁੱਟਪਾਥਾਂ ’ਤੇ ਅਣਅਧਿਕਾਰਤ ਬੋਰਡ, ਰੇਹੜੀਆਂ-ਫੜ੍ਹੀਆਂ, ਖੋਖੇ ਜਾਂ ਦੁਕਾਨਾਂ ਦਾ ਸਮਾਨ ਰੱਖਣ ’ਤੇ ਰੋਕ ਲਗਾਈ ਗਈ ਹੈ। ਦੁਕਾਨਦਾਰ ਆਪਣੀ ਦੁਕਾਨ ਦੀ ਹੱਦ ਤੋਂ ਬਾਹਰ ਸੜਕ ਜਾਂ ਫੁੱਟਪਾਥ ’ਤੇ ਸਮਾਨ ਰੱਖ ਕੇ ਵਿਕਰੀ ਨਹੀਂ ਕਰ ਸਕਣਗੇ। ਪੁਲਿਸ ਮੁਤਾਬਕ ਇਸ ਦਾ ਮਕਸਦ ਟ੍ਰੈਫਿਕ ਜਾਮ ਘਟਾਉਣਾ, ਪੈਦਲ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਛੋਟੇ ਅਪਰਾਧਾਂ ਦੀ ਰੋਕਥਾਮ ਕਰਨਾ ਹੈ।

ਪਟਾਕਿਆਂ ਦੀ ਵਿਕਰੀ ਸਿਰਫ਼ ਵੈਧ ਲਾਇਸੈਂਸ ਵਾਲੀਆਂ ਦੁਕਾਨਾਂ ਤੋਂ ਹੀ ਕੀਤੀ ਜਾ ਸਕੇਗੀ। ਹਸਪਤਾਲਾਂ ਅਤੇ ਵਿਦਿਅਕ ਸੰਸਥਾਵਾਂ ਵਰਗੇ ਸਾਈਲੈਂਸ ਜ਼ੋਨ ਅਤੇ ਤੇਲ ਟਰਮੀਨਲਾਂ ਦੇ ਨੇੜੇ ਪਟਾਕੇ ਚਲਾਉਣ ’ਤੇ ਪਾਬੰਦੀ ਰਹੇਗੀ। ਵਿਦੇਸ਼ੀ ਮੂਲ, ਖਾਸ ਕਰਕੇ ਗੈਰ-ਕਾਨੂੰਨੀ ਤਰੀਕੇ ਨਾਲ ਲਿਆਂਦੇ ਪਟਾਕਿਆਂ ਖ਼ਿਲਾਫ਼ ਕਾਰਵਾਈ ਦੇ ਨਿਰਦੇਸ਼ ਹਨ। ਲੜੀਵਾਰ ਪਟਾਕਿਆਂ ਅਤੇ ਵੱਧ ਪ੍ਰਦੂਸ਼ਣ ਪੈਦਾ ਕਰਨ ਵਾਲੇ ਪਟਾਕਿਆਂ ’ਤੇ ਵੀ ਰੋਕ ਰਹੇਗੀ। ਦੀਵਾਲੀ ਮੌਕੇ ਰਾਤ 8 ਤੋਂ 10 ਵਜੇ ਤੱਕ, ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਨਿਰਧਾਰਤ ਸਮੇਂ ਅਤੇ ਗੁਰਪੁਰਬ ਮੌਕੇ ਸਵੇਰੇ 4 ਤੋਂ 5 ਅਤੇ ਰਾਤ 9 ਤੋਂ 10 ਵਜੇ ਤੱਕ ਹੀ ਆਤਿਸ਼ਬਾਜ਼ੀ ਦੀ ਇਜਾਜ਼ਤ ਹੋਵੇਗੀ।

ਪੁਲਿਸ ਕਮਿਸ਼ਨਰ ਨੇ ਮੋਬਾਈਲ ਫੋਨ ਅਤੇ ਸਿਮ ਵੇਚਣ ਵਾਲਿਆਂ ਲਈ ਵੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਦੁਕਾਨਦਾਰ ਗਾਹਕ ਦਾ ਪਛਾਣ ਪੱਤਰ ਅਤੇ ਫੋਟੋ ਲਏ ਬਿਨਾਂ ਮੋਬਾਈਲ ਜਾਂ ਸਿਮ ਨਹੀਂ ਵੇਚ ਸਕਣਗੇ। ਪਛਾਣ ਪੱਤਰ ਦੀ ਤਸਦੀਕ ਕਰਨ ਦੇ ਨਾਲ ਖਰੀਦਦਾਰ ਨੂੰ ਦੁਕਾਨ ਦੀ ਮੋਹਰ ਅਤੇ ਦਸਤਖ਼ਤਾਂ ਵਾਲਾ ਪ੍ਰਚੇਜ਼ ਸਰਟੀਫਿਕੇਟ ਦੇਣਾ ਹੋਵੇਗਾ। ਇਸ ਤੋਂ ਇਲਾਵਾ ਗਾਹਕ ਦਾ ਨਾਮ, ਪਤਾ, ਜਨਮ ਮਿਤੀ, ਫੋਨ ਨੰਬਰ, ਆਈਡੀ ਵੇਰਵੇ, ਖਰੀਦ ਦੀ ਮਿਤੀ ਅਤੇ ਸਮਾਂ ਆਦਿ ਦਾ ਰਿਕਾਰਡ ਰੱਖਣਾ ਲਾਜ਼ਮੀ ਹੋਵੇਗਾ। ਜੇ ਭੁਗਤਾਨ ਕਿਸੇ ਹੋਰ ਵਿਅਕਤੀ ਦੇ ਯੂਪੀਆਈ ਜਾਂ ਕਾਰਡ ਰਾਹੀਂ ਹੁੰਦਾ ਹੈ ਤਾਂ ਉਸ ਵਿਅਕਤੀ ਦਾ ਪਛਾਣ ਪੱਤਰ ਵੀ ਰਿਕਾਰਡ ਵਿੱਚ ਰੱਖਣਾ ਹੋਵੇਗਾ।

ਕਮਿਸ਼ਨਰੇਟ ਦੀ ਹੱਦ ਵਿੱਚ ਵਾਹਨਾਂ ਅੰਦਰ ਬੇਸਬਾਲ ਬੈਟ, ਤੇਜ਼ਧਾਰ ਜਾਂ ਨੋਕੀਲੇ ਹਥਿਆਰ ਅਤੇ ਹੋਰ ਜਾਨਲੇਵਾ ਹਥਿਆਰ ਰੱਖ ਕੇ ਚੱਲਣ ’ਤੇ ਵੀ ਪਾਬੰਦੀ ਲਗਾਈ ਗਈ ਹੈ।

ਇਸ ਤੋਂ ਇਲਾਵਾ ਪੁਲਿਸ, ਅਰਧ ਸੈਨਿਕ ਬਲਾਂ ਜਾਂ ਸੈਨਿਕਾਂ ਦੀਆਂ ਵਰਦੀਆਂ ਤਿਆਰ ਕਰਨ ਅਤੇ ਵੇਚਣ ਵਾਲੇ ਦੁਕਾਨਦਾਰਾਂ ਤੇ ਦਰਜ਼ੀਆਂ ਨੂੰ ਗਾਹਕ ਦੀ ਪੂਰੀ ਪਛਾਣ ਦਰਜ ਕਰਨੀ ਹੋਵੇਗੀ। ਰੈਂਕ, ਨਾਮ, ਪਤਾ, ਫੋਨ ਨੰਬਰ ਅਤੇ ਤਾਇਨਾਤੀ ਸਥਾਨ ਦਾ ਰਿਕਾਰਡ ਰੱਖਣ ਦੇ ਨਾਲ ਸਬੰਧਤ ਥਾਣੇ ਤੋਂ ਨਿਰਧਾਰਤ ਸਮੇਂ ’ਤੇ ਰਜਿਸਟਰ ਦੀ ਤਸਦੀਕ ਕਰਵਾਉਣੀ ਹੋਵੇਗੀ।

ਰੇਲਵੇ ਸਟੇਸ਼ਨ, ਬੱਸ ਸਟੈਂਡ, ਧਾਰਮਿਕ ਸਥਾਨਾਂ, ਹਸਪਤਾਲਾਂ, ਭੀੜ ਵਾਲੇ ਬਾਜ਼ਾਰਾਂ ਅਤੇ ਹੋਰ ਪਾਰਕਿੰਗ ਸਥਾਨਾਂ ਦੇ ਮਾਲਕਾਂ ਨੂੰ ਸੀਸੀਟੀਵੀ ਕੈਮਰੇ ਲਗਾਉਣੇ ਲਾਜ਼ਮੀ ਕੀਤੇ ਗਏ ਹਨ। ਕੈਮਰੇ ਇਸ ਤਰੀਕੇ ਨਾਲ ਲਗਾਉਣੇ ਹੋਣਗੇ ਕਿ ਵਾਹਨ ਦੀ ਨੰਬਰ ਪਲੇਟ ਅਤੇ ਡਰਾਈਵਰ ਦਾ ਚਿਹਰਾ ਸਾਫ਼ ਦਿਖਾਈ ਦੇਵੇ। ਪਾਰਕਿੰਗ ਦੀ 45 ਦਿਨਾਂ ਤੱਕ ਦੀ ਰਿਕਾਰਡਿੰਗ ਸੰਭਾਲਣ ਅਤੇ ਹਰ 15 ਦਿਨ ਬਾਅਦ ਇਸ ਦਾ ਰਿਕਾਰਡ ਸਬੰਧਤ ਥਾਣੇ ਵਿੱਚ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ। ਵਾਹਨ ਮਾਲਕਾਂ ਦਾ ਨਾਮ, ਮੋਬਾਈਲ ਨੰਬਰ, ਵਾਹਨ ਦੀ ਕਿਸਮ, ਰਜਿਸਟ੍ਰੇਸ਼ਨ, ਚੈਸੀ ਅਤੇ ਇੰਜਣ ਨੰਬਰ ਸਮੇਤ ਹੋਰ ਵੇਰਵੇ ਰਜਿਸਟਰ ਵਿੱਚ ਦਰਜ ਕਰਨੇ ਹੋਣਗੇ। ਇੱਕ ਦਿਨ ਤੋਂ ਵੱਧ ਪਾਰਕਿੰਗ ਲਈ ਰਜਿਸਟ੍ਰੇਸ਼ਨ ਅਤੇ ਡਰਾਈਵਿੰਗ ਲਾਇਸੈਂਸ ਦੀ ਕਾਪੀ ਵੀ ਰੱਖਣੀ ਹੋਵੇਗੀ। ਪਾਰਕਿੰਗ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਪੁਲਿਸ ਵੈਰੀਫਿਕੇਸ਼ਨ ਵੀ ਕਰਵਾਉਣੀ ਲਾਜ਼ਮੀ ਹੋਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande