
ਪਟਿਆਲਾ, 08 ਸਤੰਬਰ (ਹਿੰ.ਸ.)| ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਸਥਾਪਨਾ ਦਿਵਸ ਮੌਕੇ ਯੂਨੀਵਰਸਿਟੀ ਦੇ ਅਕਾਦਮਿਕ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਜੁੜੀ ਹੈ। ਇਸ ਮੌਕੇ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਵੱਲੋਂ ਤਿਆਰ ਕੀਤੀ ਗਈ ਅੰਤਰਰਾਸ਼ਟਰੀ ਪੁਸਤਕ ਦਾ ਪ੍ਰਕਾਸ਼ਨ ਕੀਤਾ ਗਿਆ।
ਇਹ ਪੁਸਤਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਤਨ ਸਿੰਘ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਗੌਰਵ ਧੀਮਾਨ ਵੱਲੋਂ ਸਾਂਝੇ ਤੌਰ ’ਤੇ ਲਿਖੀ ਗਈ ਹੈ। ਪੁਸਤਕ ਨੂੰ ਆਸਟ੍ਰੇਲੀਆ ਦੇ ਪ੍ਰਕਾਸ਼ਕ ਯੂਕੇਲਿਪਟ ਪ੍ਰੈਸ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਯੂਨੀਵਰਸਿਟੀ ਨਾਲ ਸਬੰਧਤ ਅਕਾਦਮਿਕ ਅਤੇ ਖੋਜ ਕਾਰਜ ਨੂੰ ਅੰਤਰਰਾਸ਼ਟਰੀ ਮੰਚ ਤੱਕ ਪਹੁੰਚਾਉਣ ਦੇ ਪੱਖੋਂ ਇਸ ਪ੍ਰਕਾਸ਼ਨ ਨੂੰ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਪੁਸਤਕ ਵਿੱਚ ਸਾਈਬਰ ਕਾਨੂੰਨ ਅਤੇ ਸਾਈਬਰ ਨੈਤਿਕਤਾ ਨਾਲ ਜੁੜੀਆਂ ਬੁਨਿਆਦੀ ਧਾਰਨਾਵਾਂ ਨੂੰ ਵਿਸਥਾਰ ਨਾਲ ਸਮਝਾਇਆ ਗਿਆ ਹੈ। ਇਸ ਤੋਂ ਇਲਾਵਾ ਸੂਚਨਾ ਅਤੇ ਸੰਚਾਰ ਤਕਨਾਲੋਜੀ ਦੇ ਤੇਜ਼ੀ ਨਾਲ ਬਦਲਦੇ ਦੌਰ ਵਿੱਚ ਸਾਹਮਣੇ ਆ ਰਹੀਆਂ ਕਾਨੂੰਨੀ, ਸਮਾਜਿਕ ਅਤੇ ਨੈਤਿਕ ਚੁਣੌਤੀਆਂ ’ਤੇ ਵੀ ਚਰਚਾ ਕੀਤੀ ਗਈ ਹੈ। ਪੁਸਤਕ ਵਿੱਚ ਸਾਈਬਰ ਸੁਰੱਖਿਆ, ਡਿਜ਼ੀਟਲ ਗਵਰਨੈਂਸ ਅਤੇ ਆਨਲਾਈਨ ਜਗਤ ਨਾਲ ਸਬੰਧਤ ਵੱਖ-ਵੱਖ ਪੱਖਾਂ ਨੂੰ ਵੀ ਸਮਝਣਯੋਗ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਇਹ ਪੁਸਤਕ ਸਾਈਬਰ ਕਾਨੂੰਨ, ਸਾਈਬਰ ਸੁਰੱਖਿਆ, ਡਿਜ਼ੀਟਲ ਗਵਰਨੈਂਸ ਅਤੇ ਸਾਈਬਰ ਐਥਿਕਸ ਦੇ ਖੇਤਰ ਨਾਲ ਜੁੜੇ ਵਿਦਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ ਅਤੇ ਪੇਸ਼ੇਵਰਾਂ ਲਈ ਲਾਹੇਵੰਦ ਸੰਦਰਭ ਸਮੱਗਰੀ ਵਜੋਂ ਕੰਮ ਕਰ ਸਕਦੀ ਹੈ।
ਯੂਨੀਵਰਸਿਟੀ ਦੇ ਸਥਾਪਨਾ ਦਿਵਸ ਵਰਗੇ ਮਹੱਤਵਪੂਰਨ ਮੌਕੇ ’ਤੇ ਅੰਤਰਰਾਸ਼ਟਰੀ ਪ੍ਰਕਾਸ਼ਕ ਰਾਹੀਂ ਪੁਸਤਕ ਦਾ ਪ੍ਰਕਾਸ਼ਨ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਦੱਸਿਆ ਗਿਆ। ਇਸ ਉਪਲਬਧੀ ਨੂੰ ਉੱਚ ਪੱਧਰੀ ਖੋਜ, ਅਕਾਦਮਿਕ ਗੁਣਵੱਤਾ ਅਤੇ ਨਵੀਂ ਤਕਨਾਲੋਜੀ ਨਾਲ ਜੁੜੀਆਂ ਸਮਾਜਿਕ ਤੇ ਕਾਨੂੰਨੀ ਚੁਣੌਤੀਆਂ ’ਤੇ ਕੇਂਦਰਿਤ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਵਾਲੇ ਯਤਨ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਇਸ ਪ੍ਰਾਪਤੀ ’ਤੇ ਯੂਨੀਵਰਸਿਟੀ ਦੇ ਅਧਿਆਪਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਪ੍ਰੋ. (ਡਾ.) ਰਤਨ ਸਿੰਘ ਅਤੇ ਡਾ. ਗੌਰਵ ਧੀਮਾਨ ਨੂੰ ਵਧਾਈ ਦਿੱਤੀ ਗਈ। ਯੂਨੀਵਰਸਿਟੀ ਭਾਈਚਾਰੇ ਨੇ ਆਸ ਜਤਾਈ ਕਿ ਇਹ ਪੁਸਤਕ ਸਾਈਬਰ ਕਾਨੂੰਨ ਅਤੇ ਸੁਰੱਖਿਆ ਦੇ ਖੇਤਰ ਵਿੱਚ ਨਵੀਂ ਖੋਜ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ ਲਈ ਵੀ ਰਾਹ ਖੋਲ੍ਹੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH