

ਚੰਡੀਗੜ੍ਹ, 08 ਸਤੰਬਰ (ਹਿੰ.ਸ.)| ਪੰਜਾਬ ਰਾਜ ਖੁਰਾਕ ਕਮਿਸ਼ਨ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਟਰੇਡ ਪ੍ਰਮੋਸ਼ਨ ਕੌਂਸਲ ਵੱਲੋਂ ਫੂਡ ਪ੍ਰੋਸੈਸਿੰਗ ਐਮ.ਐਸ.ਐਮ.ਈਜ਼, ਕਿਸਾਨ ਉਤਪਾਦਕ ਸੰਗਠਨਾਂ (ਐਫ.ਪੀ.ਓ.), ਸਵੈ-ਸਹਾਇਤਾ ਸਮੂਹਾਂ (ਐਸ.ਐਚ.ਜੀ.), ਸਹਿਕਾਰੀ ਸਭਾਵਾਂ, ਸਟਾਰਟਅੱਪਸ ਅਤੇ ਸੁਸਾਇਟੀਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸੈਸ਼ਨਾਂ ਵਾਲਾ ਸੈਮੀਨਾਰ ਕਰਵਾਇਆ ਗਿਆ।
ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਕੋਲ ਉਪਜਾਊ ਜ਼ਮੀਨ ਅਤੇ ਮਿਹਨਤੀ ਲੋਕਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਲੋੜ ਸਿਰਫ਼ ਉਤਪਾਦਨ ਵਧਾਉਣ ਦੀ ਨਹੀਂ, ਸਗੋਂ ਪੰਜਾਬ ਦੇ ਉਤਪਾਦਾਂ ਦੀ ਦੇਸ਼ ਅਤੇ ਵਿਦੇਸ਼ਾਂ ਵਿੱਚ ਬਿਹਤਰ ਮਾਰਕੀਟਿੰਗ ਕਰਨ ਦੀ ਵੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਉੱਦਮਤਾ ਦੇ ਖੇਤਰ ਵਿੱਚ ਆਪਣੀ ਪਛਾਣ ਬਣਾ ਰਿਹਾ ਹੈ ਅਤੇ ਇਸ ਨੂੰ ਹੋਰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ।
ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਦੇਸ਼ ਵੈਲਿਊ ਐਡੀਸ਼ਨ ਦੇ ਦੌਰ ਵਿੱਚ ਦਾਖ਼ਲ ਹੋ ਚੁੱਕਾ ਹੈ ਅਤੇ ਹੁਣ ਖੇਤੀਬਾੜੀ ਨੂੰ ਖੇਤੀ ਕਾਰੋਬਾਰ ਵਿੱਚ ਤਬਦੀਲ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ 5,000 ਤੋਂ ਵੱਧ ਸਕੂਲਾਂ ਵਿੱਚ ਹਰਬਲ ਗਾਰਡਨ ਸਥਾਪਿਤ ਕੀਤੇ ਜਾ ਰਹੇ ਹਨ, ਜਿੱਥੇ ਜੈਵਿਕ ਢੰਗ ਨਾਲ ਸਬਜ਼ੀਆਂ ਉਗਾਈਆਂ ਜਾ ਰਹੀਆਂ ਹਨ। ਉਨ੍ਹਾਂ ਖੁਰਾਕ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧਣ ’ਤੇ ਜ਼ੋਰ ਦਿੱਤਾ।
ਪੀ.ਟੀ.ਪੀ.ਸੀ. ਦੀ ਚੇਅਰਪਰਸਨ ਕੰਚਨ ਸ਼ਰਮਾ ਨੇ ਕਿਹਾ ਕਿ ਕੌਂਸਲ ਪੰਜਾਬ ਨੂੰ ਗਲੋਬਲ ਬਿਜ਼ਨਸ ਹੱਬ ਵਜੋਂ ਵਿਕਸਤ ਕਰਨ ਅਤੇ ਵਪਾਰ, ਨਿਵੇਸ਼ ਤੇ ਉਦਯੋਗਿਕ ਵਿਕਾਸ ਲਈ ਮਜ਼ਬੂਤ ਮੰਚ ਤਿਆਰ ਕਰਨ ਵੱਲ ਕੰਮ ਕਰ ਰਹੀ ਹੈ।
ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਸੈਰ-ਸਪਾਟਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਮਾਰਚ 2022 ਵਿੱਚ ਪੰਜਾਬ ਵਿੱਚ 26,000 ਸਵੈ-ਸਹਾਇਤਾ ਸਮੂਹ ਸਨ, ਜੋ ਹੁਣ ਵਧ ਕੇ 56,000 ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਮੂਹ ਖਾਸ ਕਰਕੇ ਪੇਂਡੂ ਔਰਤਾਂ ਨੂੰ ਛੋਟੇ ਉੱਦਮ ਸ਼ੁਰੂ ਕਰਨ ਅਤੇ ਆਮਦਨ ਦੇ ਸਰੋਤ ਪੈਦਾ ਕਰਨ ਵਿੱਚ ਮਦਦ ਕਰ ਰਹੇ ਹਨ।
ਇਸ ਮੌਕੇ ਸੌਂਦ ਨੇ ਸੇਵਾਮੁਕਤ ਹੋਏ ਬਾਲ ਮੁਕੰਦ ਸ਼ਰਮਾ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਪ੍ਰਸਿੱਧ ਮਰਹੂਮ ਪੰਜਾਬੀ ਅਦਾਕਾਰ ਜਸਵਿੰਦਰ ਸਿੰਘ ਭੱਲਾ ਦੇ ਜੀਵਨ ’ਤੇ ਆਧਾਰਿਤ ਕਿਤਾਬ ਵੀ ਜਾਰੀ ਕੀਤੀ। ਉਨ੍ਹਾਂ ਭੱਲਾ ਦੇ ਪੰਜਾਬੀ ਸਿਨੇਮਾ ਅਤੇ ਖਾਸ ਕਰਕੇ ਕਾਮੇਡੀ ਖੇਤਰ ਵਿੱਚ ਯੋਗਦਾਨ ਨੂੰ ਯਾਦ ਕੀਤਾ। ਸਮਾਗਮ ਦੌਰਾਨ ਉੱਦਮੀਆਂ, ਐਫ.ਪੀ.ਓਜ਼ ਅਤੇ ਸਵੈ-ਸਹਾਇਤਾ ਸਮੂਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / GURSHARAN SINGH