
ਨਵੀਂ ਦਿੱਲੀ, 09 ਸਤੰਬਰ (ਹਿੰ.ਸ.)। ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਆਪਣੀ ਮੁਹਿੰਮ ਦੇ ਹਿੱਸੇ ਵਜੋਂ ਪਿਛਲੇ 15 ਦਿਨਾਂ ਦੌਰਾਨ ਦੇਸ਼ ਭਰ ਵਿੱਚ ਅੱਠ ਵੱਡੇ ਆਪ੍ਰੇਸ਼ਨਾਂ ਵਿੱਚ ਲਗਭਗ 740 ਕਿਲੋਗ੍ਰਾਮ ਗਾਂਜਾ, ਹਾਈ-ਗ੍ਰੇਡ ਹਾਈਡ੍ਰੋਪੋਨਿਕ ਕੈਨਬਿਸ ਅਤੇ ਚਰਸ ਜ਼ਬਤ ਕੀਤੀ ਹੈ। ਇਨ੍ਹਾਂ ਮਾਮਲਿਆਂ ’ਚ ਐਨਡੀਪੀਐਸ ਐਕਟ, 1985 ਦੇ ਤਹਿਤ ਇਨ੍ਹਾਂ ਮਾਮਲਿਆਂ ਵਿੱਚ ਤੇਰਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਵਿੱਤ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ ਜ਼ਬਤ ਕੀਤੇ ਨਸ਼ੀਲੇ ਪਦਾਰਥਾ ਵਿੱਚ 709.6 ਕਿਲੋਗ੍ਰਾਮ ਗਾਂਜਾ, 24.5 ਕਿਲੋਗ੍ਰਾਮ ਹਾਈ-ਗ੍ਰੇਡ ਹਾਈਡ੍ਰੋਪੋਨਿਕ ਕੈਨਬਿਸ ਅਤੇ ਪੰਜ ਕਿਲੋਗ੍ਰਾਮ ਚਰਸ ਸ਼ਾਮਲ ਹਨ। 8 ਸਤੰਬਰ ਨੂੰ, ਡੀ.ਆਰ.ਆਈ. ਅਧਿਕਾਰੀਆਂ ਨੇ ਰਾਏਪੁਰ ਨੇੜੇ ਪੁਰਾਣੀ ਧਮਤਰੀ ਰੋਡ 'ਤੇ ਵਿਸ਼ਾਖਾਪਟਨਮ ਤੋਂ ਆ ਰਹੇ ਦੋ ਟਰੱਕਾਂ ਨੂੰ ਰੋਕਿਆ ਅਤੇ ਤਲਾਸ਼ੀ ਲਈ। ਤਲਾਸ਼ੀ ਦੌਰਾਨ, ਟਰੱਕਾਂ ਦੇ ਲੋਡਿੰਗ ਖੇਤਰ ਵਿੱਚ ਰੱਖੀਆਂ 10 ਬੋਰੀਆਂ ਵਿੱਚ ਲੁਕਾਏ ਗਏ 375.95 ਕਿਲੋਗ੍ਰਾਮ ਗਾਂਜਾ ਵਾਲੇ 61 ਪੈਕੇਟ ਬਰਾਮਦ ਕੀਤੇ ਗਏ। ਦੋਵੇਂ ਟਰੱਕ ਜ਼ਬਤ ਕੀਤੇ ਗਏ ਅਤੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਪਹਿਲਾਂ, 26 ਅਗਸਤ ਨੂੰ ਰਾਏਪੁਰ ਨੇੜੇ ਇੱਕ ਟਰੱਕ ਤੋਂ ਲਗਭਗ 124 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ। ਇਸ ਮਾਮਲੇ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ।
5 ਅਤੇ 6 ਸਤੰਬਰ ਨੂੰ ਇੱਕ ਹੋਰ ਕਾਰਵਾਈ ਵਿੱਚ, ਡੀਆਰਆਈ ਨੇ ਪਟਨਾ ਨੇੜੇ ਔਰੰਗਾਬਾਦ-ਪਟਨਾ ਹਾਈਵੇਅ 'ਤੇ ਇੱਕ ਟਰੱਕ ਦਾ ਪਿੱਛਾ ਕੀਤਾ ਅਤੇ ਰੋਕਿਆ। ਕਾਰਵਾਈ ਦੌਰਾਨ ਅਧਿਕਾਰੀਆਂ 'ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਇੱਕ ਅਧਿਕਾਰੀ ਜ਼ਖਮੀ ਹੋ ਗਿਆ, ਜਦੋਂ ਕਿ ਡਰਾਈਵਰ ਮੌਕੇ ਤੋਂ ਭੱਜ ਗਿਆ। ਵਾਹਨ ਦੀ ਤਲਾਸ਼ੀ ਲੈਣ 'ਤੇ ਡਰਾਈਵਰ ਦੇ ਕੈਬਿਨ ਦੇ ਪਿੱਛੇ ਇੱਕ ਗੁਪਤ ਚੈਂਬਰ ਵਿੱਚ 140.5 ਕਿਲੋਗ੍ਰਾਮ ਗਾਂਜੇ ਦਾ ਖੁਲਾਸਾ ਹੋਇਆ।
1 ਅਤੇ 2 ਸਤੰਬਰ ਨੂੰ ਇੱਕ ਹੋਰ ਕਾਰਵਾਈ ਵਿੱਚ, ਲੁਧਿਆਣਾ, ਪੰਜਾਬ ਦੇ ਨੇੜੇ ਇੱਕ ਕਾਰ ਵਿੱਚੋਂ ਲਗਭਗ 69 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ। ਇਹ ਨਸ਼ੀਲਾ ਪਦਾਰਥ ਗੱਡੀ ਦੇ ਫਰਸ਼ ਵਿੱਚ ਵਿਸ਼ੇਸ਼ ਗੁਪਤ ਡੱਬਿਆਂ ਵਿੱਚ ਲੁਕਾਇਆ ਗਿਆ ਸੀ। ਇਸ ਮਾਮਲੇ ਦੇ ਸਬੰਧ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
3 ਸਤੰਬਰ ਨੂੰ, ਗੋਰਖਪੁਰ ਰੇਲਵੇ ਸਟੇਸ਼ਨ 'ਤੇ ਅਮਰਨਾਥ ਐਕਸਪ੍ਰੈਸ ਦੇ ਜਨਰਲ ਡੱਬੇ ਵਿੱਚ ਯਾਤਰਾ ਕਰ ਰਹੇ ਤਿੰਨ ਲੋਕਾਂ ਦੀ ਤਲਾਸ਼ੀ ਦੌਰਾਨ ਲਗਭਗ ਪੰਜ ਕਿਲੋਗ੍ਰਾਮ ਚਰਸ ਬਰਾਮਦ ਕੀਤੀ ਗਈ। ਜਾਂਚ ਤੋਂ ਪਤਾ ਲੱਗਿਆ ਕਿ ਇਹ ਨੇਪਾਲ ਤੋਂ ਤਸਕਰੀ ਕੀਤੀ ਗਈ ਸੀ। ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪਿਛਲੇ 15 ਦਿਨਾਂ ਦੌਰਾਨ ਵੱਖ-ਵੱਖ ਕਾਰਵਾਈਆਂ ਵਿੱਚ ਹੈਦਰਾਬਾਦ ਅਤੇ ਬੰਗਲੁਰੂ ਹਵਾਈ ਅੱਡਿਆਂ 'ਤੇ ਹਨੋਈ, ਵੀਅਤਨਾਮ ਅਤੇ ਬੈਂਕਾਕ, ਥਾਈਲੈਂਡ ਤੋਂ ਆਉਣ ਵਾਲੇ ਯਾਤਰੀਆਂ ਤੋਂ ਲਗਭਗ 24.6 ਕਿਲੋਗ੍ਰਾਮ ਉੱਚ-ਪੋਟੈਂਸੀ ਕੈਨਬਿਸ ਵੀ ਜ਼ਬਤ ਕੀਤੀ ਗਈ। ਇਨ੍ਹਾਂ ਮਾਮਲਿਆਂ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਡੀਆਰਆਈ ਨੇ ਕਿਹਾ ਕਿ ਏਜੰਸੀ ਸੜਕ, ਰੇਲ ਅਤੇ ਹਵਾਈ ਮਾਰਗਾਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ ਅਤੇ ਅਜਿਹੇ ਨੈੱਟਵਰਕਾਂ ਨੂੰ ਖਤਮ ਕਰਨ ਲਈ ਖੁਫੀਆ ਜਾਣਕਾਰੀ-ਅਧਾਰਤ ਕਾਰਵਾਈਆਂ ਜਾਰੀ ਰੱਖੇਗੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ