ਜਥੇਦਾਰ ਟੌਹੜਾ ਦੀ ਬਰਸੀ 'ਤੇ ਸੂਬਾ ਪੱਧਰੀ ਪ੍ਰੋਗਰਾਮ ਕਰਵਾਉਣਾ ਭੁੱਲੀ ਪੰਜਾਬ ਦੀ 'ਆਪ' ਸਰਕਾਰ: ਕੰਵਰਵੀਰ ਟੌਹੜਾ
ਚੰਡੀਗੜ੍ਹ, 02 ਅਪ੍ਰੈਲ (ਹਿ. ਸ.)। ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦੇ ਸੂਬਾਈ ਪ੍ਰਧਾਨ ਇੰਜੀ. ਕੰਵਰਵੀਰ ਸਿੰਘ ਟੌਹੜਾ ਨ
ਕੰਵਰਵੀਰ ਟੌਹੜਾ


ਚੰਡੀਗੜ੍ਹ, 02 ਅਪ੍ਰੈਲ (ਹਿ. ਸ.)। ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦੇ ਸੂਬਾਈ ਪ੍ਰਧਾਨ ਇੰਜੀ. ਕੰਵਰਵੀਰ ਸਿੰਘ ਟੌਹੜਾ ਨੇ ਪੰਜਾਬ ਸੂਬੇ ਦੇ ਗਠਨ ਦੇ ਲਹਿਰ ’ਚ ਸਰਗਰਮ ਭੂਮਿਕਾ ਨਿਭਾਉਣ ਵਾਲੇ, ਪ੍ਰਸਿੱਧ ਸਿੱਖ ਵਿਦਵਾਨ, ਧਾਰਮਿਕ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬਰਸੀ ਮੌਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਸੂਬਾ ਪੱਧਰੀ ਪ੍ਰੋਗਰਾਮ ਨਾ ਕਰਵਾਉਣ 'ਤੇ ਕਰੜੇ ਸ਼ਬਦਾਂ ‘ਚ ਜ਼ੋਰਦਾਰ ਨਿਖੇਧੀ ਕੀਤੀ।

ਕੰਵਰਵੀਰ ਸਿੰਘ ਟੋਹੜਾ ਨੇ ਇਸ ਸਬੰਧੀ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੋਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਿੱਖਾਂ ਦੇ ਹਰਮਨ ਪਿਆਰੇ ਆਗੂ ਸਨ। 2004 'ਚ ਜਥੇਦਾਰ ਟੌਹੜਾ ਦੇ ਅਕਾਲ ਚਲਾਣੇ ਤੋਂ ਬਾਅਦ 2007 ਤੋਂ 2022 ਤੱਕ ਹਰ ਸਾਲ ਪੰਜਾਬ ਸਰਕਾਰ ਵਲੋਂ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੀ ਬਰਸੀ 'ਤੇ ਸੂਬਾ ਪੱਧਰੀ ਪ੍ਰੋਗਰਾਮ ਤਤਕਾਲੀਨ ਪੰਜਾਬ ਦੀਆਂ ਸਰਕਾਰਾਂ ਵਲੋਂ ਮਨਾਇਆ ਜਾਂਦਾ ਸੀ ਅਤੇ ਉਸ ਰਾਜ ਪੱਧਰੀ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਪੰਜਾਬ ਖੁਦ ਹਾਜ਼ਰ ਹੁੰਦੇ ਸਨI ਜੇਕਰ ਕਿਸੇ ਕਾਰਨ ਮੁੱਖ ਮੰਤਰੀ ਨਹੀਂ ਆ ਸਕਦੇ ਸਨ ਤਾਂ ਉਨ੍ਹਾਂ ਦੀ ਥਾਂ 'ਤੇ ਸੂਬੇ ਦਾ ਕੋਈ ਸੀਨੀਅਰ ਮੰਤਰੀ ਜ਼ਰੂਰ ਆਉਂਦਾ ਸੀ। ਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬਰਸੀ ਮਨਾਉਣੀ ਤਾਂ ਦੂਰ, ਉਨ੍ਹਾਂ ਦੀ ਬਰਸੀ ਮੌਕੇ ਇਸ਼ਤਿਹਾਰ ਦੇਣਾ ਤੱਕ ਵੀ ਮੁਨਾਸਿਬ ਨਹੀਂ ਸਮਝਿਆ ਜਦਕਿ ਭਗਵੰਤ ਮਾਨ ਵੱਲੋਂ ਹੋਰਨਾਂ ਇਸ਼ਤਿਹਾਰਾਂ 'ਤੇ ਕਰੋੜਾਂ ਰੁਪਏ ਬਰਬਾਦ ਕੀਤੇ ਜਾ ਰਹੇ ਹਨ।

ਕੰਵਰਵੀਰ ਸਿੰਘ ਟੌਹੜਾ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਸਿਰਫ਼ ਇਸ਼ਤਿਹਾਰਾਂ ਦੀ ਸਰਕਾਰ ਹੈ ਅਤੇ ਆਪਣੀ ਪਿੱਠ ਥਪਥਪਾਉਣ ਵਿੱਚ ਲੱਗੀ ਹੋਈ ਹੈ। ਇਸ ਲਈ ਉਹ ਆਪਣੀ ਝੂਠੀ ਵਾਹਵਾਹੀ ਬਟੋਰਨ ਲਈ ਰੋਜ਼ਾਨਾ ਜਨਤਾ ਦੇ ਟੈਕਸਾਂ ਦੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ। ਇੰਨਾ ਹੀ ਨਹੀਂ ਕੇਜਰੀਵਾਲ ਨੂੰ ਖੁਸ਼ ਕਰਨ ਲਈ ਜਿੱਥੇ ਭਗਵੰਤ ਮਾਨ ਨੇ ਦੂਜੇ ਸੂਬਿਆਂ ‘ਚ ਇਸ਼ਤਿਹਾਰ ਦੇ ਕੇ ਪੰਜਾਬ ਦੇ ਖਜ਼ਾਨੇ 'ਚੋਂ ਕਰੋੜਾਂ ਰੁਪਏ ਬਰਬਾਦ ਕੀਤੇ, ਉਥੇ ਹੀ ਚੋਣ ਪ੍ਰਚਾਰ ਲਈ ਪੰਜਾਬ 'ਚੋਂ ਗੈਰ-ਕਾਨੂੰਨੀ ਢੰਗ ਨਾਲ ਹੈਲੀਕਾਪਟਰ ਵਰਤ ਕੇ ਉਸਦਾ ਖਰਚ ਵੀ ਪੰਜਾਬ ਦੇ ਖਜ਼ਾਨੇ 'ਤੇ ਪਾਇਆ। ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਨੂੰ ਇਸ ਦਾ ਹਿਸਾਬ ਪੰਜਾਬ ਦੇ ਲੋਕਾਂ ਨੂੰ ਦੇਣਾ ਪਵੇਗਾ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande