ਗੰਭੀਰ ਬਿਮਾਰੀਆਂ ਤੋਂ ਬਚਾਅ ਲਈ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਸਮੇਂ ਦੀ ਲੋੜ: ਸਿਵਲ ਸਰਜਨ ਨਵਾਂਸ਼ਹਿਰ
ਨਵਾਂਸ਼ਹਿਰ, 05 ਜੂਨ (ਹਿ. ਸ.)। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀਆਂ ਹਦਾਇਤਾਂ ਤੇ ਸਿਵਲ ਸਰ
ਸਿਵਲ ਸਰਜਨ ਨਵਾਂਸ਼ਹਿਰ


ਨਵਾਂਸ਼ਹਿਰ, 05 ਜੂਨ (ਹਿ. ਸ.)। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀਆਂ ਹਦਾਇਤਾਂ ਤੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੀ ਅਗਵਾਈ ਵਿੱਚ ਜ਼ਿਲ੍ਹੇ ਅਧੀਨ ਵੱਖ-ਵੱਖ ਸਿਹਤ ਸੰਸਥਾਵਾਂ ਅੱਜ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ।

ਇਸ ਮੌਕੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਸਿਵਲ ਸਰਜਨ ਦਫਤਰ ਵਿਖੇ ਬੂਟੇ ਲਗਾ ਕੇ ਦੂਸ਼ਿਤ ਵਾਤਾਵਰਨ ਕਾਰਨ ਦੁਨੀਆ ਵਿੱਚ ਫੈਲ ਰਹੀਆਂ ਗੰਭੀਰ ਬਿਮਾਰੀਆਂ ਦੀ ਰੋਕਥਾਮ ਲਈ ਰੁੱਖਾਂ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਦਿਆਂ ਵਾਤਾਵਰਨ ਪ੍ਰਤੀ ਸੁਹਿਰਦ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦਿਨੋਂ-ਦਿਨ ਗੰਧਲੇ ਹੋ ਰਹੇ ਵਾਤਾਵਰਨ ਕਾਰਨ ਬਿਮਾਰੀਆਂ ਪੈਦਾ ਰਹੀਆਂ ਹਨ, ਜਿਸ ਕਰਕੇ ਸਾਡੀ ਸਿਹਤ ਖਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਰੁੱਖ ਲਗਾਉਣੇ ਅਤੇ ਉਨ੍ਹਾਂ ਦੀ ਸੰਭਾਲ਼ ਕਰਨਾ ਬਹੁਤ ਲਾਜ਼ਮੀ ਹੈ। ਇਸ ਤੋਂ ਇਲਾਵਾ ਸਾਨੂੰ ਪਲਾਸਟਿਕ ਦੀ ਵਰਤੋ ਨੂੰ ਘਟਾਉਣ ਅਤੇ ਹੋਰ ਪ੍ਰਦੂਸ਼ਣ ਫੈਲਾਉਣ ਵਾਲੀਆਂ ਵਸਤੂਆਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਸਿਵਲ ਸਰਜਨ ਨੇ ਆਪਣੇ ਸੰਦੇਸ਼ ਵਿਚ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਅਨੁਸਾਰ ਅੱਜ ਵਿਸ਼ਵ ਦੀ 99 ਫੀਸਦੀ ਆਬਾਦੀ ਦੂਸ਼ਿਤ ਹਵਾ ਵਿੱਚ ਸਾਹ ਲੈ ਰਹੀ ਹੈ। ਦੂਸ਼ਿਤ ਹਵਾ ਦਾ ਮਨੁੱਖੀ ਸਿਹਤ ਨਾਲ ਸਿੱਧਾ ਸਬੰਧ ਹੈ। ਗੰਭੀਰ ਬਿਮਾਰੀਆਂ ਤੋਂ ਬਚਾਅ ਲਈ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਸਮੇਂ ਦੀ ਲੋੜ ਹੈ, ਕਿਉਂਕਿ ਪ੍ਰਦੂਸ਼ਿਤ ਹਵਾ ਨਾਲ ਦਿਲ, ਫੇਫੜਿਆਂ, ਦਿਮਾਗ ਅਤੇ ਅੱਖਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰਦੂਸ਼ਿਤ ਹਵਾ ਤੋਂ ਬਚਾਅ ਲਈ ਸਾਨੂੰ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਪੇੜ ਤੇ ਪੌਦੇ ਲਗਾਉਣੇ ਚਾਹੀਦੇ ਹਨ।

ਡਾ. ਕੌਰ ਨੇ ਪ੍ਰਦੂਸ਼ਣ ਦੀ ਰੋਕਥਾਮ ਲਈ ਹਰ ਇੱਕ ਨੂੰ ਅੱਗੇ ਆਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਪ੍ਰਦੂਸ਼ਣ ਤੋਂ ਬਚਾਅ ਲਈ ਵੱਧ ਤੋਂ ਵੱਧ ਦਰੱਖਤ ਲਗਾਉਣ, ਖਾਣਾ ਬਣਾਉਣ ਲਈ ਧੂੰਏਦਾਰ ਬਾਲਣ ਦੀ ਵਰਤੋਂ ਨਾ ਕਰਨ, ਪਰਾਲੀ ਨੂੰ ਸਾੜਨ ਨੂੰ ਰੋਕਣ ਅਤੇ ਪਲਾਸਟਿਕ ਦੀਆਂ ਵਸਤਾਂ ਦੀ ਥਾਂ ਵੱਧ ਤੋਂ ਵੱਧ ਰੀਸਾਈਕਲਡ ਹੋਣ ਵਾਲੀਆਂ ਵਸਤਾਂ ਦਾ ਇਸਤੇਮਾਲ ਸ਼ੁਰੂ ਕਰਨ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ। ਪ੍ਰਦੂਸ਼ਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੂੜਾ, ਪੱਤੇ ਅਤੇ ਫਸਲਾਂ ਦੀ ਪਰਾਲੀ ਨੂੰ ਸਾੜਣ ਤੋਂ ਗੁਰੇਜ ਕੀਤਾ ਜਾਵੇ, ਕਿਉਂਕਿ ਇਨ੍ਹਾਂ ਦੇ ਧੂੰਏਂ ਕਰਕੇ ਹਵਾਵਾਂ ਜ਼ਹਿਰੀਲੀਆਂ ਹੋ ਰਹੀਆਂ ਹਨ, ਜਿਸ ਵਿਚ ਸਾਹ ਲੈਣਾ ਕਾਫੀ ਔਖਾ ਹੋ ਚੁੱਕਾ ਹੈ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande