ਐਸ.ਏ.ਐਸ. ਨਗਰ, 5 ਅਕਤੂਬਰ (ਹਿੰ. ਸ.)। ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸੌਦਾ ਸਾਧ ਦੇ ਡੇਰੇ ਉੱਤੇ ਕਰਵਾਏ ਗਏ ਸਤਿਸੰਗ ਅਤੇ ਇਸ ਦੌਰਾਨ ਕਥਿਤ ਤੌਰ ਤੇ ਆਈਆਂ ਸੰਗਤਾਂ ਨੂੰ ਡੇਰੇ ਦੇ ਪ੍ਰਬੰਧਕਾਂ ਵਲੋਂ ਭਾਜਪਾ ਨੂੰ ਵੋਟਾਂ ਪੁਆਉਣ ਅਤੇ ਇਕ ਇਕ ਸ਼ਰਧਾਲੂ ਵਲੋਂ 5-5 ਵੋਟਾਂ ਪੁਆਉਣ ਲਈ ਕੀਤੀ ਹਦਾਇਤ ਬਾਰੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਅਖੀਰਕਾਰ ਬਿੱਲੀ ਬਸਤੇ ਵਿਚੋਂ ਬਾਹਰ ਆ ਹੀ ਗਈ ਹੈ ਅਤੇ ਭਾਜਪਾ ਦਾ ਇਕ ਬਲਾਤਕਾਰੀ ਅਤੇ ਕਾਤਲ ਤੋਂ ਵੋਟਾਂ ਮੰਗਣ ਵਰਗੀ ਸ਼ਰਮਨਾਕ ਹਰਕਤ ਉੱਤੇ ਪ੍ਰਧਾਨ ਮੰਤਰੀ ਨੂੰ ਆਪਣਾ ਸਟੈˆਡ ਸਪਸ਼ਟ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸਦਾ ਖੁਲਾਸਾ ਭਾਰਤ ਦੇ ਇਕ ਵੱਡੇ ਅਖਬਾਰ ਦੀ ਰਿਪੋਰਟਰ ਨੇ ਸੂਤਰਾਂ ਦੇ ਆਧਾਰ ਉੱਤੇ ਕੀਤਾ ਹੈ ਅਤੇ ਇਸਦਾ ਕੋਈ ਜਵਾਬ ਜਦੋਂ ਭਾਜਪਾ ਆਗੂਆਂ ਵਲੋਂ ਨਹੀਂ ਦਿੱਤਾ ਜਾਂਦਾ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਕ ਮਿਲੀਭੁਗਤ ਦੇ ਤਹਿਤ ਇਕ ਕਾਤਲ ਅਤੇ ਬਲਾਤਕਾਰੀ ਨੂੰ ਦੋ ਮਹੀਨਿਆਂ ਵਿਚ ਦੋ ਵਾਰ ਪੈਰੋਲ ਦੇਣ ਦਾ ਮਕਸਦ ਭਾਜਪਾ ਨੂੰ ਵੋਟਾਂ ਪੁਆਉਣ ਦਾ ਸੀ ਅਤੇ ਇਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਘੱਟ ਹੈ ਕਿਉਂਕਿ ਭਾਜਪਾ ਨੈਤਿਕ ਤੌਰ ਉੱਤੇ ਇੰਨੀ ਬੁਰੀ ਤਰ੍ਹਾਂ ਡਿਗ ਚੁੱਕੀ ਹੈ ਕਿ ਇਕ ਕਾਤਲ ਅਤੇ ਬਲਾਤਕਾਰੀ ਦੀ ਮਦਦ ਨਾਲ ਵੋਟਾਂ ਪੁਆ ਰਹੀ ਹੈ।
ਉਨ੍ਹਾਂ ਕਿਹਾ ਕਿ ਵਿਨੇਸ਼ ਫੋਗਾਨ ਇਸੇ ਹਰਿਆਣਾ ਤੋਂ ਚੋਣ ਲੜ ਰਹੀ ਹੈ ਜਿਸਨੇ ਭਾਜਪਾ ਦੇ ਇਕ ਮੰਤਰੀ ਦੇ ਖਿਲਾਫ ਯੌਨ ਸ਼ੋਸ਼ਣ ਦੀਆਂ ਸ਼ਿਕਾਇਤਾਂ ਦਿੱਤੀਆਂ ਪਰ ਉਸਦੇ ਖਿਲਾਫ ਕਾਰਵਾਈ ਨਾ ਹੋਈ। ਉਨ੍ਹਾਂ ਕਿਹਾ ਕਿ ਰਾਸ਼ਟਰਵਾਦ ਅਤੇ ਧਰਮ ਦੀਆਂ ਗੱਲਾਂ ਕਰਨ ਵਾਲੀ ਭਾਜਪਾ ਦਾ ਹਾਲ ਇੰਨਾ ਮਾੜਾ ਹੈ ਕਿ ਚੋਣਾਂ ਤੋਂ ਪਹਿਲਾਂ ਹੀ ਗੁਜਰਾਤ ਵਿਚ ਬਿਲਕਿਸ ਬਾਨੋ ਦੇ ਦੋਸ਼ੀਆਂ ਨੂੰ ਰਿਹਾ ਕਰ ਦਿੱਤਾ ਗਿਆ ਸੀ। ਇਹ ਤਾਂ ਸੁਪਰੀਮ ਕੋਰਟ ਨੇ ਖੁਦ ਸੰਗਿਆਨ ਲਿਆ ਅਤੇ ਉਨ੍ਹਾਂ ਨੂੰ ਮੁੜ ਜੇਲ੍ਹ ਭੇਜਿਆ। ਉਨ੍ਹਾਂ ਕਿਹਾ ਕਿ ਭਾਜਪਾ ਬਾਰੇ ਹੀ ਗੁਜਰਾਤ ਦੀ ਅਦਾਲਤ ਨੇ ਟਿੱਪਣੀ ਕੀਤੀ ਸੀ ਕਿ ਗੁਜਰਾਤ ਸਰਕਾਰ ਬਲਾਤਕਾਰੀਆਂ ਨਾਲ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਆਗੂਆਂ ਦੀ ਸ਼ਰਮ ਖਤਮ ਹੋ ਗਈ ਹੈ ਅਤੇ ਸੱਤਾ ਹਾਸਿਲ ਕਰਨ ਲਈ ਉਹ ਕਿਸੇ ਵੀ ਹੱਦ ਤੱਕ ਡਿਗ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਹਥਕੰਡੇ ਅਪਣਾਉਣ ਦੇ ਬਾਵਜੂਦ ਕਾਂਗਰਸ ਪਾਰਟੀ ਹਰਿਆਣਾ ਵਿਚ ਵੱਡੇ ਪੱਧਰ ਤੇ ਜਿੱਤ ਹਾਸਿਲ ਕਰੇਗੀ ਅਤੇ ਭਾਰੀ ਬਹੁਮਤ ਨਾਲ ਆਪਣੀ ਸਰਕਾਰ ਬਣਾ ਕੇ ਲੋਕਾਂ ਨਾਲ ਇਨਸਾਫ ਕਰੇਗੀ।.
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ