ਤੇਹਰਾਨ, 5 ਅਕਤੂਬਰ (ਹਿੰ.ਸ.)। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦਰਮਿਆਨ ਲੇਬਨਾਨ ਅਤੇ ਗਾਜ਼ਾ ਵਿੱਚ ਜੰਗਬੰਦੀ ਦੀ ਪਹਿਲ ਕੀਤੀ ਗਈ ਹੈ। ਉਮੀਦ ਹੈ ਕਿ ਇਸ ਦਾ ਸੁਖਦ ਨਤੀਜਾ ਨਿਕਲੇਗਾ। ਚੋਟੀ ਦੇ ਈਰਾਨੀ ਡਿਪਲੋਮੈਟ ਨੇ ਆਪਣੇ ਖੇਤਰੀ ਦੌਰੇ ਦੇ ਦੂਜੇ ਪੜਾਅ 'ਤੇ ਸ਼ਨੀਵਾਰ ਨੂੰ ਦਮਿਸ਼ਕ (ਸੀਰੀਆ) ਪਹੁੰਚਣ 'ਤੇ ਇਹ ਟਿੱਪਣੀ ਕੀਤੀ।
ਈਰਾਨ ਦੀ ਸਰਕਾਰੀ ਮੀਡੀਆ ਇਸਲਾਮਿਕ ਰੀਪਬਲਿਕ ਨਿਊਜ਼ ਏਜੰਸੀ (ਆਈਆਰਐਨਏ) ਦੇ ਅਨੁਸਾਰ, ਅਰਾਘਚੀ ਕੱਲ੍ਹ ਲੇਬਨਾਨ ਦੀ ਰਾਜਧਾਨੀ ਬੇਰੂਤ ਪਹੁੰਚੇ। ਉਥੋਂ ਦੇ ਸਰਕਾਰੀ ਅਧਿਕਾਰੀਆਂ ਨਾਲ ਉਨ੍ਹਾਂ ਨੇ ਬਹੁਤ ਅਹਿਮ ਗੱਲਬਾਤ ਕੀਤੀ। ਉਨ੍ਹਾਂ ਦੇ ਦਮਿਸ਼ਕ ਦੌਰੇ ਦਾ ਮਕਸਦ ਖੇਤਰ ਦੇ ਵਿਕਾਸ 'ਤੇ ਗੱਲਬਾਤ ਜਾਰੀ ਰੱਖਣਾ ਹੈ।
ਅਰਾਘਚੀ ਨੇ ਕਿਹਾ ਕਿ ਉਹ ਸੀਰੀਆ ਦੇ ਸਰਕਾਰੀ ਅਧਿਕਾਰੀਆਂ ਨਾਲ ਮੱਧ ਪੂਰਬ ਦੇ ਵਿਕਾਸ 'ਤੇ ਗੱਲਬਾਤ ਜਾਰੀ ਰੱਖਣਗੇ। ਇਸ ਗੱਲਬਾਤ ਵਿੱਚ ਲੇਬਨਾਨ ਅਤੇ ਗਾਜ਼ਾ ਵਿੱਚ ਜੰਗਬੰਦੀ ਸਭ ਤੋਂ ਮਹੱਤਵਪੂਰਨ ਵਿਸ਼ਾ ਹੋਵੇਗਾ। ਇਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਉਮੀਦ ਹੈ ਕਿ ਇਸ ਦੇ ਚੰਗੇ ਨਤੀਜੇ ਨਿਕਲਣਗੇ। ਉਨ੍ਹਾਂ ਕਿਹਾ ਕਿ ਇਜ਼ਰਾਈਲ ਬਲ, ਜੰਗ ਅਤੇ ਅਪਰਾਧ ਦੀ ਭਾਸ਼ਾ ਤੋਂ ਇਲਾਵਾ ਹੋਰ ਕੋਈ ਭਾਸ਼ਾ ਨਹੀਂ ਜਾਣਦਾ ਹੈ। ਅੰਤਰਰਾਸ਼ਟਰੀ ਭਾਈਚਾਰੇ ਨੂੰ ਉਸਨੂੰ ਰੋਕਣ ਲਈ ਸਮੂਹਿਕ ਯਤਨ ਕਰਨੇ ਚਾਹੀਦੇ ਹਨ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ