ਨਵੀਂ ਦਿੱਲੀ, 19 ਨਵੰਬਰ (ਹਿੰ.ਸ.)। ਐਲੋਨ ਮਸਕ ਦੀ ਕੰਪਨੀ ਸਪੇਸਐਕਸ ਨੇ ਭਾਰਤੀ ਪੁਲਾੜ ਏਜੰਸੀ ਇਸਰੋ ਦੇ ਸੈਟੇਲਾਈਟ ਜੀਸੈਟ-ਐਨ2 ਨੂੰ ਧਰਤੀ ਦੇ ਪੰਧ ਵਿੱਚ ਸਫਲਤਾਪੂਰਵਕ ਲਾਂਚ ਕੀਤਾ। ਸਪੇਸਐਕਸ ਦੇ ਰਾਕੇਟ ਫਾਲਕਨ 9 ਨੇ ਫਲੋਰੀਡਾ ਦੇ ਕਾਨਾਵੇਰਲ ਸਪੇਸ ਸਟੇਸ਼ਨ ਤੋਂ ਭਾਰਤੀ ਸੈਟੇਲਾਈਟ ਨੂੰ ਲਾਂਚ ਕੀਤਾ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਇਸਰੋ ਦੀ ਇਸ ਉਪਲਬਧੀ 'ਤੇ ਪੂਰੀ ਟੀਮ ਨੂੰ ਵਧਾਈ ਦਿੱਤੀ।
ਜਤਿੰਦਰ ਸਿੰਘ ਨੇ ਅੱਜ ਜੀਸੈਟ -ਐਨ2 ਲਾਂਚ ਦੀ ਵੀਡੀਓ ਜਾਰੀ ਕਰਦੇ ਹੋਏ, ਜੀਸੈਟ-ਐਨ2 ਦੀ ਸਫਲਤਾਪੂਰਵਕ ਲਾਂਚਿੰਗ ਲਈ ਟੀਮ ਇਸਰੋ ਅਤੇ ਸਪੇਸਐਕਸ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਸਰੋ ਅਤੇ ਸਪੇਸਐਕਸ ਵਿਚਾਲੇ ਸਹਿਯੋਗ, 14 ਸਾਲਾਂ ਦੇ ਮਿਸ਼ਨ ਜੀਵਨ ਕਾਲ ਦੇ ਨਾਲ, ਦੂਰ-ਦੁਰਾਡੇ ਖੇਤਰਾਂ ਦੇ ਨਾਲ-ਨਾਲ ਫਲਾਈਟ ਕਨੈਕਟੀਵਿਟੀ ਤੱਕ ਇੰਟਰਨੈਟ ਸੇਵਾਵਾਂ ਨੂੰ ਵਧਾਉਣਾ ਹੈ।
ਇਹ ਹੋਵੇਗਾ ਲਾਭ
ਜੀਸੈਟ -ਐਨ2 ਸੈਟੇਲਾਈਟ ਨਾਲ ਦੇਸ਼ ਵਿੱਚ ਬ੍ਰਾਡਬੈਂਡ ਸੇਵਾਵਾਂ ਵਿੱਚ ਹੋਰ ਸੁਧਾਰ ਕਰੇਗਾ। ਇਸ ਨਾਲ ਇਨ-ਫਲਾਈਟ ਕਨੈਕਟੀਵਿਟੀ ਸਮੇਤ ਇੰਟਰਨੈੱਟ ਸੇਵਾਵਾਂ ਬਿਹਤਰ ਹੋ ਜਾਣਗੀਆਂ। ਇਹ ਪਹਿਲੀ ਵਾਰ ਹੈ ਜਦੋਂ ਇਸਰੋ ਨੇ ਆਪਣੇ ਉਪਗ੍ਰਹਿ ਨੂੰ ਪੁਲਾੜ ਵਿੱਚ ਲਾਂਚ ਕਰਨ ਲਈ ਸਪੇਸਐਕਸ ਦੀਆਂ ਸਹੂਲਤਾਂ ਲਈਆਂ। ਜ਼ਿਕਰਯੋਗ ਹੈ ਕਿ ਇਸਰੋ ਨੇ 4700 ਕਿਲੋਗ੍ਰਾਮ ਵਜ਼ਨ ਵਾਲੇ ਜੀਸੈਟ-ਐਨ2 ਦਾ ਨਿਰਮਾਣ ਕੀਤਾ ਹੈ। ਇਸ ਦਾ ਮਿਸ਼ਨ ਜੀਵਨ 14 ਸਾਲ ਹੈ। ਇਹ ਪੂਰੀ ਤਰ੍ਹਾਂ ਵਪਾਰਕ ਲਾਂਚ ਹੈ। ਇਹ ਐਨਐਸਆਈਐਲ ਵੱਲੋਂ ਸੰਚਾਲਿਤ ਕੀਤਾ ਜਾ ਰਿਹਾ ਹੈ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ