ਜ਼ਿਆਮੇਨ, 20 ਨਵੰਬਰ (ਹਿੰ.ਸ.)। ਜਾਪਾਨ ਨੇ ਮੰਗਲਵਾਰ ਨੂੰ 2026 ਫੀਫਾ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਚੀਨ ਨੂੰ 3-1 ਨਾਲ ਹਰਾ ਦਿੱਤਾ। ਸਤੰਬਰ ਵਿੱਚ ਦੋਵਾਂ ਟੀਮਾਂ ਵਿਚਾਲੇ ਪਹਿਲੇ ਗੇੜ ਦੇ ਮੈਚ ਵਿੱਚ ਜਾਪਾਨ ਦੀ ਟੀਮ ਨੇ ਚੀਨ ਨੂੰ 7-0 ਨਾਲ ਹਰਾਇਆ ਸੀ।
ਚੀਨੀ ਟੀਮ ਨੇ ਮੈਚ ਦੀ ਸ਼ੁਰੂਆਤ ਸ਼ਾਨਦਾਰ ਡਿਫੈਂਸ ਨਾਲ ਕੀਤੀ। ਹਾਲਾਂਕਿ 39ਵੇਂ ਮਿੰਟ 'ਚ ਕੋਕੀ ਓਗਾਵਾ ਨੇ ਕਾਰਨਰ ਕਰਾਸ ਤੋਂ ਹੈਡਰ ਨਾਲ ਗੋਲ ਕਰਕੇ ਜਾਪਾਨ ਨੂੰ 1-0 ਦੀ ਬੜ੍ਹਤ ਦਿਵਾਈ। ਪਹਿਲੇ ਅੱਧ ਦੇ ਸਟਾਪੇਜ਼ ਟਾਈਮ ਵਿੱਚ, ਜਾਪਾਨ ਨੇ ਇੱਕ ਹੋਰ ਕਾਰਨਰ ਕਿੱਕ ਵਿੱਚ ਆਪਣੀ ਬੜ੍ਹਤ ਨੂੰ ਦੁੱਗਣਾ ਕਰ ਲਿਅ, ਜਦੋਂ ਕੋ ਇਟਾਕੁਰਾ ਦਾ ਹੈਡਰ ਨੈੱਟ ਵਿੱਚ ਚਲਾ ਗਿਆ। ਦੂਜੇ ਹਾਫ ਦੇ ਤੀਜੇ ਮਿੰਟ ਵਿੱਚ ਲਿਨ ਲਿਆਂਗਮਿੰਗ ਨੇ ਗੋਲ ਕਰਕੇ ਚੀਨ ਦਾ ਖਾਤਾ ਖੋਲ੍ਹਿਆ ਅਤੇ ਸਕੋਰ 2-1 ਹੋ ਗਿਆ।
ਹਾਲਾਂਕਿ, ਜਾਪਾਨੀ ਟੀਮ ਨੇ ਸਿਰਫ਼ ਛੇ ਮਿੰਟ ਬਾਅਦ ਹੀ ਘਰੇਲੂ ਦਰਸ਼ਕਾਂ ਨੂੰ ਸ਼ਾਂਤ ਕਰ ਦਿੱਤਾ ਜਦੋਂ ਜੂਨੀਆ ਇਟੋ ਨੇ ਸੱਜੀ ਫਲੈਂਕ ਵਿੱਚ ਪ੍ਰਵੇਸ਼ ਕੀਤਾ ਅਤੇ ਓਗਾਵਾ ਨੇ ਹੈਡਰ ਨਾਲ ਆਪਣਾ ਦੂਜਾ ਗੋਲ ਕਰਕੇ ਜਾਪਾਨ ਨੂੰ 3-1 ਨਾਲ ਅੱਗੇ ਕਰ ਦਿੱਤਾ। 70ਵੇਂ ਮਿੰਟ ਵਿੱਚ ਵੇਈ ਸ਼ਿਹਾਓ ਚੀਨ ਲਈ ਗੋਲ ਕਰਨ ਦੇ ਨੇੜੇ ਸੀ, ਪਰ ਉਨ੍ਹਾਂ ਦੇ ਸ਼ਾਟ ਨੂੰ ਜਾਪਾਨੀ ਗੋਲਕੀਪਰ ਜ਼ਯੋਨ ਸੁਜ਼ੂਕੀ ਨੇ ਰੋਕ ਦਿੱਤਾ। ਜਾਪਾਨ ਨੇ ਆਖਰੀ ਸੀਟੀ ਵੱਜਣ ਤੱਕ ਆਪਣੀ 3-1 ਦੀ ਬੜ੍ਹਤ ਬਣਾਈ ਰੱਖੀ ਅਤੇ ਮੈਚ ਜਿੱਤ ਲਿਆ।
ਦੂਜੇ ਪਾਸੇ, ਮੰਗਲਵਾਰ ਨੂੰ ਇੰਡੋਨੇਸ਼ੀਆ ਨੇ ਸਾਊਦੀ ਅਰਬ ਨੂੰ ਘਰੇਲੂ ਮੈਦਾਨ 'ਤੇ 2-0 ਨਾਲ ਹਰਾ ਕੇ ਗਰੁੱਪ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਜਾਪਾਨ ਕੋਲ ਹੁਣ 16 ਅੰਕ ਹਨ ਅਤੇ ਉਹ ਪੰਜ ਜਿੱਤਾਂ ਅਤੇ ਇੱਕ ਡਰਾਅ ਨਾਲ ਗਰੁੱਪ ਵਿੱਚ ਸਿਖਰ 'ਤੇ ਹੈ, ਜਦਕਿ ਸਾਊਦੀ ਅਰਬ, ਇੰਡੋਨੇਸ਼ੀਆ ਅਤੇ ਚੀਨ ਦੇ ਗਰੁੱਪ ਵਿੱਚ ਛੇ-ਛੇ ਅੰਕ ਹਨ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ