ਇੰਦੌਰ, 22 ਦਸੰਬਰ (ਹਿੰ.ਸ.)। ਇੰਦੌਰ ਦੇ ਦੇਵੀ ਅਹਿਲਿਆਬਾਈ ਹੋਲਕਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੱਤ ਮੰਜ਼ਿਲਾ ਏਟੀਸੀ ਇਮਾਰਤ ਅਤੇ ਤਕਨੀਕੀ ਬਲਾਕ ਤਿਆਰ ਹੈ। ਇਸ ਇਮਾਰਤ ਵਿੱਚ ਨਵਾਂ ਫਾਇਰ ਸਟੇਸ਼ਨ ਵੀ ਬਣਾਇਆ ਗਿਆ ਹੈ। ਹੁਣ ਇੰਦੌਰ ਦੇ ਨਾਮ 'ਤੇ ਇਕ ਹੋਰ ਉਪਲੱਬਧੀ ਜੁੜਣ ਜਾ ਰਹੀ ਹੈ। ਇਹ ਦੇਸ਼ ਦਾ ਪਹਿਲਾ ਜ਼ੀਰੋ ਵੇਸਟ ਏਅਰਪੋਰਟ ਹੋਵੇਗਾ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮਮੋਹਨ ਨਾਇਡੂ ਅੱਜ (ਐਤਵਾਰ) ਇਨ੍ਹਾਂ ਸਹੂਲਤਾਂ ਦਾ ਉਦਘਾਟਨ ਕਰਨਗੇ। ਇਸ ਮੌਕੇ ਰਾਜ ਦੇ ਸ਼ਹਿਰੀ ਵਿਕਾਸ ਮੰਤਰੀ ਕੈਲਾਸ਼ ਵਿਜੇਵਰਗੀਆ ਅਤੇ ਸੰਸਦ ਮੈਂਬਰ ਸ਼ੰਕਰ ਲਾਲਵਾਨੀ ਵੀ ਮੌਜੂਦ ਰਹਿਣਗੇ।ਸੰਸਦ ਮੈਂਬਰ ਸ਼ੰਕਰ ਲਾਲਵਾਨੀ ਨੇ ਦੱਸਿਆ ਕਿ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਇੰਦੌਰ ਹਵਾਈ ਅੱਡੇ 'ਤੇ ਯਾਤਰੀ ਸੁਵਿਧਾਵਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇੰਦੌਰ ਹਵਾਈ ਅੱਡੇ ਦੇ ਵਿਸਤਾਰ ਨੂੰ ਲੈ ਕੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨਾਲ ਵੀ ਵਿਸਤ੍ਰਿਤ ਚਰਚਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ 'ਤੇ ਨਵਾਂ ਏ.ਟੀ.ਸੀ ਅਤੇ ਤਕਨੀਕੀ ਬਲਾਕ ਬਣਾਇਆ ਗਿਆ ਹੈ, ਜਿਸ ਦੀ ਲਾਗਤ 55 ਕਰੋੜ ਰੁਪਏ ਹੈ। ਏ.ਟੀ.ਸੀ. ਟਾਵਰ ਅਤੇ ਤਕਨੀਕੀ ਬਲਾਕ ਜਿਸ ’ਚ ਨਵੇਂ ਫਾਇਰ ਸਟੇਸ਼ਨ ਵੀ ਸ਼ਾਮਲ ਹਨ। ਸੱਤ ਮੰਜ਼ਿਲਾ ਏਟੀਸੀ ਟਾਵਰ ਪੁਰਾਣੇ ਟਾਵਰ ਤੋਂ ਦੁੱਗਣਾ ਹੈ। ਇਸਦਾ ਕੁੱਲ ਖੇਤਰਫਲ 180 ਵਰਗ ਮੀਟਰ ਹੈ। ਤਕਨੀਕੀ ਬਲਾਕ 4,410 ਵਰਗ ਮੀਟਰ ਹੈ। ਨਵਾਂ ਫਾਇਰ ਸਟੇਸ਼ਨ 1491 ਵਰਗ ਮੀਟਰ ਹੈ।ਸੰਸਦ ਮੈਂਬਰ ਲਾਲਵਾਨੀ ਨੇ ਦੱਸਿਆ ਕਿ ਇੰਦੌਰ ਦੇਸ਼ ਦਾ ਸਭ ਤੋਂ ਸਾਫ-ਸੁਥਰਾ ਸ਼ਹਿਰ ਹੈ ਅਤੇ ਇੰਦੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੂੜੇ ਤੋਂ ਕੰਚਨ ਤੱਕ ਦੇ ਸੱਦੇ ਨੂੰ ਪੂਰਾ ਕੀਤਾ ਹੈ। ਇਸੇ ਤਰ੍ਹਾਂ ਇੰਦੌਰ ਹਵਾਈ ਅੱਡੇ ਨੂੰ ਜ਼ੀਰੋ ਵੇਸਟ ਏਅਰਪੋਰਟ ਬਣਾਉਣ ਦਾ ਟੀਚਾ ਮਿੱਥਿਆ ਗਿਆ ਸੀ ਅਤੇ ਇੱਥੋਂ ਦੇ ਸਫ਼ਾਈ ਸੇਵਕਾਂ, ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਸਖ਼ਤ ਮਿਹਨਤ ਸਦਕਾ ਹੁਣ ਇਹ ਭਾਰਤ ਦਾ ਪਹਿਲਾ ਜ਼ੀਰੋ ਵੇਸਟ ਏਅਰਪੋਰਟ ਬਣ ਗਿਆ ਹੈ, ਜਿਸ ਦਾ ਉਦਘਾਟਨ ਅੱਜ ਕੇਂਦਰੀ ਸਿਵਲ ਐਵੀਏਸ਼ਨ ਮੰਤਰੀ ਵੱਲੋਂ ਕੀਤਾ ਜਾਵੇਗਾ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ