ਚੰਡੀਗੜ੍ਹ, 22 ਦਸੰਬਰ (ਹਿੰ.ਸ.)। ਪੰਜਾਬ ਦੇ ਮੋਹਾਲੀ 'ਚ ਸ਼ਨੀਵਾਰ ਸ਼ਾਮ ਢਹਿਣ ਵਾਲੀ ਬਹੁਮੰਜ਼ਿਲਾ ਇਮਾਰਤ ਦੇ ਮਲਬੇ 'ਚੋਂ ਐਤਵਾਰ ਸਵੇਰੇ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਲਗਾਤਾਰ ਬਚਾਅ ਕਾਰਜ ਚਲਾ ਰਹੀਆਂ ਹਨ। ਪੁਲਿਸ ਨੇ ਡਿੱਗੀ ਇਮਾਰਤ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਜਿੰਮ ਟ੍ਰੇਨਰ ਨੇ ਦੱਸਿਆ ਕਿ ਇਮਾਰਤ ਦੀਆਂ ਤਿੰਨ ਮੰਜ਼ਿਲਾਂ ਵਿੱਚ ਜਿੰਮ ਸਨ, ਬਾਕੀ ਦੋ ਮੰਜ਼ਿਲਾਂ ਵਿੱਚ ਲੋਕ ਕਿਰਾਏ ’ਤੇ ਰਹਿੰਦੇ ਸਨ।
ਐਨਡੀਆਰਐਫ ਅਤੇ ਫੌਜ ਦੇ ਜਵਾਨ ਰਾਤ ਭਰ ਮੋਰਚੇ 'ਤੇ ਡਟੇ ਰਹੇ ਅਤੇ ਬਚਾਅ ਕਾਰਜ ਜਾਰੀ ਰਿਹਾ। ਦੇਰ ਰਾਤ ਬਚਾਅ ਦਲ ਨੇ ਮਲਬੇ ਹੇਠੋਂ ਇੱਕ ਲੜਕੀ ਨੂੰ ਬਾਹਰ ਕੱਢਿਆ। ਉਸਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦ੍ਰਿਸ਼ਟੀ ਵਰਮਾ (20) ਵਜੋਂ ਹੋਈ ਹੈ। ਉਹ ਹਿਮਾਚਲ ਪ੍ਰਦੇਸ਼ ਦੇ ਠਿਓਗ ਦੇ ਰਹਿਣ ਵਾਲੇ ਮਰਹੂਮ ਭਗਤ ਵਰਮਾ ਦੀ ਧੀ ਸੀ। ਉਸਨੂੰ ਸੋਹਾਣਾ ਹਸਪਤਾਲ ਭਰਤੀ ਕਰਵਾਇਆ ਗਿਆ ਸੀ।ਬਚਾਅ ਟੀਮ ਨੇ ਐਤਵਾਰ ਸਵੇਰੇ ਨੌਜਵਾਨ ਦੀ ਲਾਸ਼ ਨੂੰ ਬਾਹਰ ਕੱਢਿਆ। ਮ੍ਰਿਤਕ ਅੰਬਾਲਾ ਨਿਵਾਸੀ ਅਭਿਸ਼ੇਕ ਮੋਹਾਲੀ ਦੀ ਆਈਟੀ ਕੰਪਨੀ ਵਿੱਚ ਕੰਮ ਕਰਦਾ ਸੀ। ਉਹ ਜਿਮ ਆਇਆ ਸੀ। ਉਸਦਾ ਪਰਿਵਾਰ ਕੱਲ੍ਹ ਸ਼ਾਮ ਹੀ ਇੱਥੇ ਪਹੁੰਚ ਗਿਆ ਸੀ। ਅੱਜ ਅਭਿਸ਼ੇਕ ਦੀ ਲਾਸ਼ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਮਾਤਮ ਛਾ ਗਿਆ। ਬਚਾਅ ਕਾਰਜ 'ਚ ਅੜਚਨ ਨਾ ਆਵੇ, ਇਸ ਲਈ ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਸੰਭਾਲਿਆ ਅਤੇ ਲਾਸ਼ ਨੂੰ ਪਰਿਵਾਰ ਸਮੇਤ ਹਸਪਤਾਲ ਪਹੁੰਚਾਇਆ।ਮੋਹਾਲੀ ਦੇ ਕਾਰਜਕਾਰੀ ਡਿਪਟੀ ਕਮਿਸ਼ਨਰ ਵਿਰਾਜ ਐਸ ਟਿੜਕੇ ਨੇ ਦੱਸਿਆ ਕਿ ਤਿੰਨ ਹੋਰ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਐਨਡੀਆਰਐਫ ਦੀਆਂ ਟੀਮਾਂ ਆਪਣਾ ਕੰਮ ਕਰ ਰਹੀਆਂ ਹਨ। ਐਸਐਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਨੇ ਬੀਤੀ ਰਾਤ ਥਾਣਾ ਸੋਹਾਣਾ ਵਿਖੇ ਇਮਾਰਤ ਮਾਲਕ ਪਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਵਾਸੀ ਚਾਓ ਮਾਜਰਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ