ਨਵੀਂ ਦਿੱਲੀ, 30 ਦਸੰਬਰ (ਹਿੰ.ਸ.)। ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ 'ਪੁਜਾਰੀ ਗ੍ਰੰਥੀ ਸਨਮਾਨ ਯੋਜਨਾ' ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਤਹਿਤ ਉਨ੍ਹਾਂ ਵਾਅਦਾ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦਿੱਲੀ ਵਿੱਚ ਦੁਬਾਰਾ ਚੁਣੀ ਜਾਂਦੀ ਹੈ ਤਾਂ ਹਿੰਦੂ ਮੰਦਰਾਂ ਦੇ ਪੁਜਾਰੀਆਂ ਅਤੇ ਸਿੱਖ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ 18,000 ਰੁਪਏ ਮਹੀਨਾ ਭੱਤਾ ਦਿੱਤਾ ਜਾਵੇਗਾ।
ਦਿੱਲੀ ਵਿਧਾਨ ਸਭਾ ਵਿੱਚ ‘ਆਪ’ ਲਈ ਲਗਾਤਾਰ ਚੌਥੀ ਵਾਰ ਚੋਣ ਜਿੱਤਣ ਦੀ ਕੋਸ਼ਿਸ਼ ਕਰ ਰਹੇ ਕੇਜਰੀਵਾਲ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਭਲਕੇ ਤੋਂ ਸ਼ੁਰੂ ਹੋ ਜਾਵੇਗੀ। ਮੰਗਲਵਾਰ ਨੂੰ ਮੈਂ ਖੁਦ ਕਨਾਟ ਪਲੇਸ ਦੇ ਹਨੂੰਮਾਨ ਮੰਦਰ ਤੋਂ ਇਸ ਦੀ ਸ਼ੁਰੂਆਤ ਕਰਾਂਗਾ। ਇਸ ਤੋਂ ਬਾਅਦ ਇਸਨੂੰ ਦਿੱਲੀ ਦੇ ਸਾਰੇ ਮੰਦਰਾਂ ਅਤੇ ਗੁਰਦੁਆਰਿਆਂ ਤੱਕ ਵੀ ਵਧਾਇਆ ਜਾਵੇਗਾ। 'ਆਪ' ਵੱਲੋਂ ਇਹ ਐਲਾਨ ਅਜਿਹੇ ਸਮੇਂ 'ਚ ਕੀਤਾ ਗਿਆ ਹੈ, ਜਦੋਂ ਉਹ ਚੋਣਾਂ 'ਚ ਭਾਜਪਾ ਅਤੇ ਕਾਂਗਰਸ ਨਾਲ ਮੁਕਾਬਲਾ ਕਰਨ ਦੀ ਤਿਆਰੀ ਕਰ ਰਹੀ ਹੈ। ਕੇਜਰੀਵਾਲ ਨੇ ਦੋਵਾਂ ਪਾਰਟੀਆਂ 'ਤੇ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ਨੂੰ ਦੂਜੇ ਰਾਜਾਂ ਵਿੱਚ ਵੀ ਇਸੇ ਤਰ੍ਹਾਂ ਦੇ ਕਲਿਆਣਕਾਰੀ ਉਪਾਅ ਅਪਣਾਉਣ ਦੀ ਅਪੀਲ ਕੀਤੀ।ਕੇਜਰੀਵਾਲ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਪੁਜਾਰੀ ਸਾਡੀ ਸੇਵਾ ਕਿਵੇਂ ਕਰਦੇ ਹਨ। ਸਾਡੇ ਬੱਚੇ ਦਾ ਜਨਮ ਦਿਨ ਹੋਵੇ, ਵਿਆਹ ਹੋਵੇ ਜਾਂ ਕਿਸੇ ਅਜ਼ੀਜ਼ ਦੀ ਮੌਤ ਹੋਵੇ, ਉਨ੍ਹਾਂ ਨੇ ਸਾਨੂੰ ਹਮੇਸ਼ਾ ਰੱਬ ਨਾਲ ਜੋੜਿਆ ਹੈ। ਇਹ ਉਹ ਤਬਕਾ ਹੈ ਜੋ ਸਦੀਆਂ ਤੋਂ ਸਾਡੀਆਂ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਦਾ ਰਿਹਾ ਹੈ ਪਰ ਕਿਸੇ ਨੇ ਵੀ ਇਨ੍ਹਾਂ ਵੱਲ ਧਿਆਨ ਨਹੀਂ ਦਿੱਤਾ। ਅਜਿਹਾ ਦੇਸ਼ ਵਿੱਚ ਪਹਿਲੀ ਵਾਰ ਹੋ ਰਿਹਾ ਹੈ। ਅਸੀਂ ਰਾਸ਼ਟਰੀ ਰਾਜਧਾਨੀ ਵਿੱਚ ਕਈ ਅਜਿਹੇ ਕੰਮ ਕੀਤੇ ਹਨ ਜੋ ਪਹਿਲੀ ਵਾਰ ਹੋਏ ਹਨ। ਅਸੀਂ ਸਕੂਲਾਂ ਅਤੇ ਹਸਪਤਾਲਾਂ ਵਿੱਚ ਸੁਧਾਰ ਕੀਤਾ ਅਤੇ ਔਰਤਾਂ ਲਈ ਬੱਸ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਈ। ਮੈਨੂੰ ਉਮੀਦ ਹੈ ਕਿ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਇਸ ਤੋਂ ਸਬਕ ਲੈਣਗੀਆਂ ਅਤੇ ਅਜਿਹੀਆਂ ਯੋਜਨਾਵਾਂ ਨੂੰ ਉਨ੍ਹਾਂ ਰਾਜਾਂ ਵਿੱਚ ਲਾਗੂ ਕਰਨਗੀਆਂ ਜਿੱਥੇ ਉਨ੍ਹਾਂ ਦੀਆਂ ਸਰਕਾਰਾਂ ਹਨ।ਰੋਹਿੰਗਿਆ ਮੁੱਦੇ ਨਾਲ ਜੁੜੇ ਸਵਾਲ ਦੇ ਜਵਾਬ 'ਚ ਕੇਜਰੀਵਾਲ ਨੇ ਕਿਹਾ ਕਿ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਕੋਲ ਪੂਰਾ ਡਾਟਾ ਹੈ, ਚੰਗਾ ਹੋਵੇਗਾ ਜੇਕਰ ਉਹ ਇਸ ਨੂੰ ਜਨਤਕ ਕਰ ਦੇਣ।
ਜ਼ਿਕਰਯੋਗ ਹੈ ਕਿ ਜਦੋਂ ਕੇਜਰੀਵਾਲ ਇਹ ਐਲਾਨ ਕਰ ਰਹੇ ਹਨ ਤਾਂ ਦੂਜੇ ਪਾਸੇ ਦਿੱਲੀ ਵਕਫ਼ ਬੋਰਡ ਨਾਲ ਜੁੜੇ ਇਮਾਮਾਂ ਨੇ ਬਕਾਇਆ ਤਨਖਾਹਾਂ ਦੀ ਮੰਗ ਨੂੰ ਲੈ ਕੇ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਹੈ। ਆਲ ਇੰਡੀਆ ਇਮਾਮ ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਇਮਾਮਾਂ ਨੂੰ 17 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਉਨ੍ਹਾਂ ਨੇ ਦਿੱਲੀ ਸਰਕਾਰ 'ਤੇ ਉਨ੍ਹਾਂ ਦੀ ਦੁਰਦਸ਼ਾ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਹੈ। ਹਾਲਾਂਕਿ, ਇਮਾਮਾਂ ਦੀ ਤਨਖਾਹ ਦੇ ਭੁਗਤਾਨ ਬਾਰੇ ਪੁੱਛੇ ਜਾਣ 'ਤੇ, ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਉਨ੍ਹਾਂ ਦੀ ਤਨਖਾਹ ਜਲਦੀ ਜਾਰੀ ਕੀਤੀ ਜਾਵੇਗੀ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ