1 ਤੋਂ 7 ਜੂਨ ਤੱਕ ਫਲਾਈਟ ਟਿਕਟ ਬੁਕਿੰਗ 'ਤੇ ਸਰਵਿਸ ਚਾਰਜਿਸ ਵਿੱਚ ਅਤੇ ਆਈਲੈਟਸ ਸੈਂਟਰਾਂ 'ਚ ਇਕ ਮਹੀਨੇ ਦੀ ਕੋਚਿੰਗ ਫੀਸ 'ਤੇ 50 ਫੀਸਦੀ ਛੋਟ ਦੇਣ ਦਾ ਐਲਾਨ
ਜਲੰਧਰ, 25 ਅਪ੍ਰੈਲ (ਹਿ. ਸ.) ਲੋਕ ਸਭਾ ਚੋਣਾਂ-2024 ਦੌਰਾਨ 70 ਫੀਸਦੀ ਵੋਟਿੰਗ ਦੇ ਟੀਚੇ ਨੂੰ ਪਾਰ ਕਰਨ ਲਈ ਜ਼ਿਲ੍ਹਾ ਪ੍ਰ
1 ਤੋਂ 7 ਜੂਨ ਤੱਕ ਫਲਾਈਟ ਟਿਕਟ ਬੁਕਿੰਗ’ਤੇ ਸਰਵਿਸ ਚਾਰਜਿਸ ਵਿੱਚ ਅਤੇ ਆਈਲੈਟਸ ਸੈਂਟਰਾਂ ’ਚ ਇਕ ਮਹੀਨੇ ਦੀ ਕੋਚਿੰਗ ਫੀਸ ’ਤੇ 50 ਫੀਸਦੀ ਛੋਟ ਦੇਣ ਦਾ ਐਲਾਨ


ਜਲੰਧਰ, 25 ਅਪ੍ਰੈਲ (ਹਿ. ਸ.) ਲੋਕ ਸਭਾ ਚੋਣਾਂ-2024 ਦੌਰਾਨ 70 ਫੀਸਦੀ ਵੋਟਿੰਗ ਦੇ ਟੀਚੇ ਨੂੰ ਪਾਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਵੋਟਰ ਜਾਗਰੂਕਤਾ ਮੁਹਿੰਮ ਨਾਲ ਜੁੜਦਿਆਂ ਜ਼ਿਲ੍ਹੇ ਦੇ ਕਰੀਬ 40 ਟ੍ਰੈਵਲ ਏਜੰਟਾਂ, ਇਮੀਗ੍ਰੇਸ਼ਨ ਕੰਸਲਟੈਂਟਾਂ ਤੇ ਆਈਲੈਟਸ ਸੈਂਟਰਾਂ ਵੱਲੋਂ ਸਵੈ ਇੱਛਾ ਨਾਲ 1 ਤੋਂ 7 ਜੂਨ ਤੱਕ ਫਲਾਈਟ ਟਿਕਟ ਦੀ ਬੁਕਿੰਗ ’ਤੇ ਸਰਵਿਸ ਚਾਰਜਿਸ ਵਿੱਚ ਅਤੇ ਆਈਲੈਟਸ ਸੈਂਟਰਾਂ ’ਚ ਇਕ ਮਹੀਨੇ ਦੀ ਕੋਚਿੰਗ ਫੀਸ ’ਤੇ 50 ਫੀਸਦੀ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਟ੍ਰੈਵਲ ਏਜੰਟਾਂ, ਇਮੀਗ੍ਰੇਸ਼ਨ ਕੰਸਲਟੈਂਟਾਂ ਅਤੇ ਆਈਲੈਟਸ ਸੈਂਟਰਾਂ ਦੇ ਪ੍ਰਬੰਧਕਾਂ/ਮਾਲਕਾਂ ਦਾ ਵੋਟਰ ਜਾਗਰੂਕਤਾ ਮੁਹਿੰਮ ਨਾਲ ਜੁੜਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਵੋਟਰ ਖਾਸ ਕਰ ਨੌਜਵਾਨ ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਉਤਸ਼ਾਹਿਤ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਛੋਟ 1 ਜੂਨ ਨੂੰ ਵੋਟ ਪਾਉਣ ਉਪਰੰਤ ਉਂਗਲੀ ’ਤੇ ਲੱਗਾ ਸਿਆਹੀ ਦਾ ਨਿਸ਼ਾਨ ਦਿਖਾ ਕੇ ਜ਼ਿਲ੍ਹੇ ਦੇ ਚੋਣਵੇ ਟ੍ਰੈਵਲ ਏਜੰਟਾਂ, ਇਮੀਗ੍ਰੇਸ਼ਨ ਕੰਸਲਟੈਂਟਾਂ ਪਾਸੋਂ ਅਤੇ ਆਈਲੈਟਸ ਸੈਂਟਰਾਂ ਵਿੱਚ 1 ਤੋਂ 7 ਜੂਨ ਤੱਕ ਪ੍ਰਾਪਤ ਕੀਤੀ ਜਾ ਸਕਦੀ ਹੈ।

ਟ੍ਰੈਵਲ ਏਜੰਟਾਂ, ਇਮੀਗ੍ਰੇਸ਼ਨ ਕੰਸਲਟੈਂਟਾਂ ਤੇ ਆਈਲੈਟਸ ਸੈਂਟਰਾਂ ਨੂੰ ਵੋਟਰ ਜਾਗਰੂਕਤਾ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਡਾ. ਹਿਮਾਂਸ਼ੂ ਅਗਰਵਾਲ ਨੇ ਆਈਲੈਟਸ ਸੈਂਟਰਾਂ ਦੇ ਪ੍ਰਬੰਧਕਾਂ/ਮਾਲਕਾਂ ਨੂੰ ਆਪਣੇ ਸੈਂਟਰਾਂ ਵਿੱਚ ਪੜ੍ਹਦੇ ਲੜਕੇ/ਲੜਕੀਆਂ, ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਵੋਟ ਬਣੀ ਹੈ, ਨੂੰ 1 ਜੂਨ ਨੂੰ ਆਪਣੀ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ।ਉਨਾਂ ਨੇ ਇਹ ਵੀ ਦੱਸਿਆ ਕਿ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ, ਜਿਨ੍ਹਾਂ ਦੀ ਵੋਟ ਅਜੇ ਨਹੀਂ ਬਣੀ, 4 ਮਈ 2024 ਤੱਕ ਫਾਰਮ ਨੰ.6 ਭਰ ਕੇ ਆਪਣੀ ਵੋਟ ਬਣਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੋਟ ਬਣਾਉਣ ਲਈ ਆਪਣੇ ਨੇੜਲੇ ਬੂਥ ਲੈਵਲ ਅਫ਼ਸਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 1950 ’ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।

ਉਨ੍ਹਾਂ ਟ੍ਰੈਵਲ ਏਜੰਟਾਂ ਨੂੰ ਕਿਹਾ ਕਿ ਉਨ੍ਹਾਂ ਪਾਸ ਟਿਕਟ ਬੁਕਿੰਗ ਲਈ ਆਉਣ ਵਾਲੇ ਵਿਅਕਤੀਆਂ ਨੂੰ 1 ਜੂਨ (ਵੋਟਾਂ ਵਾਲੇ ਦਿਨ) ਤੋਂ ਬਾਅਦ ਦੀ ਟਿਕਟ ਬੁੱਕ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਉਹ ਪਹਿਲੀ ਜੂਨ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਡਾ. ਹਿਮਾਂਸ਼ੂ ਨੇ ਟ੍ਰੈਵਲ ਏਜੰਟਾਂ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਦੇ ਸੰਪਰਕ ਵਿਚਲੇ ਵਿਦੇਸ਼ ਗਏ ਵਿਅਕਤੀਆਂ ਨੂੰ ਵੀ 1 ਜੂਨ ਨੂੰ ਵੋਟ ਜ਼ਰੂਰ ਪਾਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਲੋਕ ਸਭਾ ਹਲਕਾ ਜਲੰਧਰ ਲਈ 70 ਫੀਸਦੀ ਤੋਂ ਵੱਧ ਵੋਟਿੰਗ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਲਈ ਜਾਗਰੂਕ ਕਰਨ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਪਹਿਲਾਂ ਸ਼ਹਿਰ ਦੇ ਹੋਟਲ/ਰੈਸਟੋਰੈਂਟ ਮਾਲਕਾਂ/ਪ੍ਰਬੰਧਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਹੁਣ ਟ੍ਰੈਵਲ ਏਜੰਟਾਂ, ਇਮੀਗ੍ਰੇਸ਼ਨ ਕੰਸਲਟੈਂਟਾਂ ਤੇ ਆਈਲੈਟਸ ਸੈਂਟਰਾਂ ਵੱਲੋਂ ਅੱਗੇ ਆਉਂਦਿਆਂ ਨਿਵੇਕਲੀ ਪਹਿਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੋਟਰ ਜਾਗਰੂਕਤਾ ਲਈ ਹੋਰ ਗਤੀਵਿਧੀਆਂ ਕੀਤੀਆਂ ਜਾਣਗੀਆਂ ਤਾਂ ਜੋ ਹਰ ਵੋਟਰ ਤੱਕ ਪਹੁੰਚ ਕੀਤੀ ਜਾ ਸਕੇ।

ਹਿੰਦੂਸਥਾਨ ਸਮਾਚਾਰ/ ਅਸ਼ਵਨੀ ਠਾਕੁਰ/ਸੰਜੀਵ


 rajesh pande